ਅਸ਼ੋਕ ਵਰਮਾ
ਮਾਨਸਾ, 7 ਮਈ 2020 - ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ ਨਰਿੰਦਰ ਭਾਰਗਵ ਨੇ ਲੀਡ ਬੈਂਕ ਮੈਨੇਜਰ, ਮਾਨਸਾ ਨੂੰ ਪੈਨਸ਼ਨ ਤਕਸੀਮ ਕਰਨ ਪ੍ਰਤੀ ਦਿੱਤੀਆਂ ਗਈਆਂ ਵਧੀਆਂ ਸੇਵਾਵਾਂ ਪ੍ਰਤੀ ‘ਪ੍ਰਸ਼ੰਸਾ ਪੱਤਰ’ ਨਾਲ ਸਨਮਾਨਿਆ ਹੈ। ਐਸਐਸਪੀ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਮਹਾਂਮਾਰੀ ਕੋਵਿਡ-19 ਦੇ ਪ੍ਰਸਾਰ ਵਿਰੁੱਧ ਲੜੀ ਜਾ ਰਹੀ ਲੜਾਈ ਦੇ ਬਾਵਜੂਦ ਪੁਲਿਸ ਵਿਭਾਗ ਵੱਲੋਂ ਹੋਰਨਾਂ ਖੇਤਰਾਂ ਵਿੱਚ ਵੀ ਆਮ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿੰਨਾਂ ’ਚ ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਪੈਨਸ਼ਨਾਂ ਤਕਸੀਮ ਕਰਨਾ ਵੀ ਸ਼ਾਮਲ ਹੈ। ਜਿਲਾ ਪੁਲਿਸ ਮਾਨਸਾ ਆਪਣੇ ਸਟਾਫ ਅਤੇ ਸਹਿਯੋਗੀਆਂ ਦੀਆਂ ਸੇਵਾਵਾਂ ਹਾਸਲ ਕਰਦੇ ਸਮੇਂ ਉਨਾਂ ਦੀਆਂ ਸੁਵਿਧਾਵਾਂ ਦਾ ਵੀ ਧਿਆਨ ਰਖਦੀ ਹੈ ਅਤੇ ਇਹ ਸਨਮਾਨ ਵੀ ਇਸੇ ਲੜੀ ਦਾ ਹਿੱਸਾ ਹੈ।
ਸੀਨੀਅਰ ਕਪਤਾਨ ਪੁਲਿਸ, ਦੱਸਿਆ ਕਿ ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਬੈਂਕਾਂ ਤੋਂ ਪੈਨਸ਼ਨ ਹਾਸਲ ਕਰਦੇ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਸੀ ਜਿਸ ਨੂੰ ਧਿਆਨ ਵਿੱਚ ਆਉਣ ਉਪਰੰਤ ਜਿਲਾ ਪੁਲਿਸ ਨੇ ਵੀ.ਪੀ.ਓਜ਼ ਅਤੇ ਬੈਂਕਾਂ ਦੇ ਪ੍ਰਤੀਨਿਧੀਆਂ ਰਾਹੀਂ ਵਿਸ਼ੇਸ਼ ਮੁਹਿੰਮ ਚਲਾ ਕੇ ਤਕਸੀਮ ਕਰਵਾਏ ਜਾਣ ਦਾ ਫੈਸਲਾ ਕੀਤਾ ਸੀ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੇ ਕਰਫਿਊ ਨੂੰ ਲਾਗੂ ਕਰਵਾਉ੍ਣ ਅਤੇ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਏ ਜਾਣ ਦੇ ਮਹੱਤਵਪੂਰਣ ਕੰਮਾਂ ਦੇ ਨਾਲ ਨਾਲ ਇਸ ਫੈਸਲੇ ਨੂੰ ਅਮਲੀ ਰੂਪ ਦੇਣਾ ਮੁਸ਼ਕਿਲ ਜ਼ਰੂਰ ਸੀ ਪਰ ਪੁਲਿਸ ਅਤੇ ਬੈਂਕ ਕਰਮਚਾਰੀਆਂ ਨੇ ਸਖਤ ਮਿਹਨਤ ਕਰਦੇ ਹੋਏ ਇਸ ਔਖੇ ਕੰਮ ਨੂੰ ਵੀ ਵਧੀਆ ਢੰਗ ਨਾਲ ਨੇਪਰੇ ਚੜਾ ਦਿੱਤਾ।
ਉਨਾਂ ਦੱਸਿਆ ਕਿ ਇਸ ਸਾਰੇ ਕੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਿੱਚ ਕਈ ਕਰਮਚਾਰੀਆਂ ਦਾ ਕੰਮ ਬਹੁਤ ਸ਼ਲਾਘਾਯੋਗ ਪਾਇਆ ਗਿਆ ਹੈ । ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਅੱਜ ਜਿਲਾ ਲੀਡ ਬੈਂਕ ਮੈਨੇਜਰ ਕਮਲ ਗਰਗ ਨੂੰ ਪ੍ਰਸੰੰਸਾ ਪੱਤਰ ਦੇ ਕੇ ਉਨਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਪ੍ਰਤੀ ਉਨਾਂ ਦਾ ਸਨਮਾਨ ਕੀਤਾ ਗਿਆ। ਐਸ.ਐਸ.ਪੀ. ਮਾਨਸਾ ਨੇ ਇਹ ਐਲਾਨ ਵੀ ਕੀਤਾ ਕਿ ਬੈਂਕਾਂ ਦੇ ਸਾਰੇ ਬੀਸੀਜ਼ ਨੂੰ ਵੀ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਆ ਜਾਵੇਗਾ ਕਿਉਂਕਿ ਇੰਨਾਂ ਸਾਰਿਆਂ ਨੇ ਵੀ ਸਖਤ ਮਿਹਨਤ ਕੀਤੀ ਹੈ। ਐਸ.ਐਸ.ਪੀ. ਮਾਨਸਾ ਨੇ ਅੱਗੇ ਦੱਸਿਆ ਕਿ ਸਮਾਜ ਦੇ ਇਸ ਕਮਜ਼ੋਰ ਵਰਗ ਨੂੰ ਅਗਲੇ ਮਹੀਨੇ ਦੀ ਪੈਨਸ਼ਨ ਵੀ ਪੁਲਿਸ ਵੀਪੀਓਜ਼ ਅਤੇ ਬੈਂਕ ਬੀ.ਸੀਜ਼ ਰਾਹੀਂ ਵੰਡੀ ਜਾਵੇਗੀ।