ਮਾਨਸਾ, 8 ਮਈ 2020 - ਅੰਗਹੀਣਾਂ ਨੂੰ ਕਰਫਿਊ ਦੌਰਾਨ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਹੈਂਡੀਕੈਪਡ ਐਸੋਸੀਏਸ਼ਨ ਨੇ ਵਟਸਐਪ ਗਰੁੱਪ ਵਿੱਚ ਮੀਟਿੰਗ ਕਰਕੇ ਆਗੂਆਂ ਅਤੇ ਮੈਂਬਰਾਂ ਦੀ ਸਰਵਸੰਮਤੀ ਨਾਲ 11 ਮਈ ਨੂੰ ਆਪੋ ਆਪਣੇ ਘਰਾਂ 'ਚ ਰਹਿ ਕੇ ਅਰਥੀਆਂ ਫੂਕ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਐਸੋਸੀਏਸ਼ਨ ਦੇ ਉਪ ਪ੍ਰਧਾਨ ਜਸਦੇਵ ਸ਼ਰਮਾ ਅਤੇ ਗੁਰਸੇਵਕ ਸਿੰਘ ਬਹਿਣੀਵਾਲ ਨੇ ਦੋਸ਼ ਲਾਇਆ ਕਿ ਪਹਿਲਾਂ ਹੀ ਕੁਰਦਤ ਦੇ ਮਾਰਿਆਂ ਨੂੰ ਪੰਜਾਬ ਸਰਕਾਰ ਨੇ ਵੀ ਵਿਸਾਰ ਕੇ ਰੱਖ ਦਿੱਤਾ ਹੈ| ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਲੰਬੇ ਸਮੇਂ ਤੋਂ ਅੰਗਹੀਣਾਂ ਦੇ ਹਿੱਤਾਂ ਦੀ ਪੂਰਤੀ ਲਈ ਸੰਘਰਸ਼ ਕਰਦੀ ਆ ਰਹੀ ਹੈ, ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਦੋਂ ਕਿ ਚੋਣਾਂ ਤੋਂ ਪਹਿਲਾਂ ਅਪੰਗ ਪੈਨਸ਼ਨ ਦੀ ਰਾਸ਼ੀ ਵਧਾ ਕੇ 2500 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ, ਜੋ ਕਾਂਗਰਸ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੰਗਹੀਣਾਂ ਕੋਲ ਤਾਂ ਪਹਿਲਾਂ ਹੀ ਰੋਜ਼ਗਾਰ ਦੇ ਸਥਿਰ ਸਾਧਨ ਨਾ ਹੋਣ ਕਰਕੇ ਆਪਣਾ ਪਰਿਵਾਰਾਂ ਦਾ ਗੁਜਾਰਾ ਬੜੀਆਂ ਹੀ ਤੰਗੀਆਂ ਨਾਲ ਚਲਾਉਂਦੇ ਸਨ।
ਪਰ ਹੁਣ ਲੱਗਭਗ ਡੇਢ ਮਹੀਨੇ ਤੋਂ ਕਰਫਿਊ ਗੱਲਣ ਕਾਰਨ ਰੁਜ਼ਗਾਰ ਤੋਂ ਵਾਂਝੇ ਹੋ ਗਏ ਹਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਵੀ 24 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ ਸੀ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਲਈ ਆਰਥਿਕ ਸਹਾਇਤ ਦੇਣ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ।
ਜਿਸ ਦੇ ਵਿਰੋਧ ਵਿੱਚ ਉਨ੍ਹਾਂ ਅਰਥੀਆਂ ਫੂਕ ਕੇ ਆਪਣਾ ਰੋਸ ਪ੍ਰਗਟ ਕਰਨ ਦਾ ਫੈਸਲਾ ਲੈਣ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਰੁਜ਼ਗਾਰ ਤੋਂ ਵਾਂਝੇ ਹੋਏ ਅੰਗਹੀਣਾਂ ਦੀ ਪ੍ਰਤੀ ਪਰਿਵਾਰ 10 ਹ੦ਾਰ ਰੁਪਏ ਆਰਥਿੱਕ ਸਹਾਇਤਾ ਕਰਨ, ਅੰਗਹੀਣ ਮਾਪਿਆਂ ਦੇ ਬੱਚਿਆਂ ਦੀ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਫੀਸ, ਮਹੀਨਾਵਾਰ ਫੀਸ ਮੁਆਫ ਕਰਨ, ਉਨ੍ਹਾਂ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ 'ਤੇ ਵਰਦੀਆਂ ਦੇਣ, ਅੰਗਹੀਣਾਂ ਦੇ ਬਿਜਲੀ ਬਿਲ ਮੁਆਫ ਕਰਨ ਤੋਂ ਇਲਾਵਾ ਘਰ ਘਰ ਰੁਜ਼ਗਾਰ ਦੇਣ ਦੀ ਸਕੀਮ ਅਧੀਨ ਅੰਗਹੀਣਾਂ ਨੂੰ ਵਿੱਦਿਅਕ ਅਤੇ ਸਰੀਰਕ ਯੋਗਤਾ ਅਨੁਸਾਰ ਘੱਟ ਤੋਂ ਘੱਟ 15 ਹਜ਼ਾਰ ਰੁਪਏ ਉਜਰਤ ਦੇ ਨਾਲ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ।
ਇਸ ਮੌਕੇ ਸੁਖਜੀਤ ਸਿੰਘ ਘੁੱਦੂਵਾਲਾ, ਗੁਰਦੀਪ ਕੋਟਲੀ, ਅਜਮੇਰ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਸਮਸ਼ੇਰ ਸਿੰਘ, ਗਮਦੂਰ ਸਿੰਘ, ਵੁਰਜੰਟ ਭਾਗੀਬਾਦਰ, ਅਮ੍ਰਿਰਤਪਾਲ ਸਿੰਘ, ਭੁਚਰ ਸਿੰਘ, ਯੁਗੇਸ਼ ਕੁਮਾਰ, ਮੇਵਾ ਸਿੰਘ, ਕੁਲਵੀਰ ਸਿੰਘ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਸਿੰਘ, ਲਾਭ ਸਿੰਘ, ਕੁਲਦੀਪ ਸਿੰਘ, ਬਿੱਟੂ ਸਿੰਘ, ਕ੍ਰਿਪਾਲ ਕੌਰ, ਜੋਤੀ ਸ਼ਰਮਾ, ਨਵਨੀਤ ਕੌਰ, ਵੀਰਾਂ ਕੌਰ, ਅਜੈਬ ਸਿੰਘ, ਰਣਵੀਰ ਕੌਰ, ਜਗਦੀਪ ਕੌਰ ਅਤੇ ਤਨੂਜਾ ਸ਼ਰਮਾ ਆਨਲਾਇਨ ਹਾਜ਼ਰ ਸਨ।