ਰਜਨੀਸ਼ ਸਰੀਨ
- ਕਾਨੂੰਨੀ ਸਮਾਜ ਨੇ ਰੱਖੀ ਸਹਾਇਤਾ ਦੇਣ ਦੀ ਮੰਗ, ਤਿਵਾੜੀ ਨੇ ਦਿੱਤਾ ਸਰਕਾਰ ਤੋਂ ਹੱਲ ਕਰਵਾਉਣ ਦਾ ਭਰੋਸਾ
ਨਵਾਂਸ਼ਹਿਰ, 8 ਮਈ 2020 - ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਹਲਕੇ ਨਾਲ ਸਬੰਧਿਤ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਾਣਿਆ ਗਿਆ। ਇਸ ਦੌਰਾਨ ਜਿੱਥੇ ਕਾਨੂੰਨੀ ਸਮਾਜ ਨੇ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਵਿਚਾਲੇ ਉਨ੍ਹਾਂ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ, ਉੱਥੇ ਹੀ ਸਥਿਤੀ ਨੂੰ ਸੁਧਾਰਨ ਸਬੰਧੀ ਆਪਣੇ ਸੁਝਾਅ ਵੀ ਰੱਖੇ। ਜਿਨ੍ਹਾਂ ਤਿਵਾੜੀ ਨੇ ਪੰਜਾਬ ਸਰਕਾਰ ਸਾਹਮਣੇ ਰੱਖ ਕੇ ਉਚਿਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਵੀਡੀਓ ਕਾਨਫਰੰਸਿੰਗ ਚ ਕਾਨੂੰਨੀ ਸਮਾਜ ਦੇ ਨੁਮਾਇੰਦਿਆਂ ਨੇ ਐੱਮ.ਪੀ ਤਿਵਾੜੀ ਤੋਂ ਮੰਗ ਕੀਤੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਵਕੀਲਾਂ ਨੂੰ ਪੰਜਾਬ ਸਰਕਾਰ ਵੱਲੋਂ ਅਤੇ ਸਹਾਇਤਾ ਮੁਹਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ ਵਕੀਲਾਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਆਰਥਿਕ ਸਹਾਇਤਾ ਦਿੱਤੀ ਗਈ ਹੈ, ਪਰ ਇਸ ਲਈ ਸ਼ਰਤਾਂ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਐਡਵੋਕੇਟ ਦਾਇਰੇ ਚ ਸ਼ਾਮਿਲ ਨਹੀਂ ਹੋ ਸਕੇ।
ਉਨ੍ਹਾਂ ਮੰਗ ਕੀਤੀ ਕਿ ਬਾਰ ਕੌਂਸਲ ਕੋਲ ਵਕੀਲਾਂ ਨੂੰ ਮੈਡੀਕਲ ਜ਼ਰੂਰਤ ਚ ਸਹਾਇਤਾ ਦੇਣ ਲਈ ਪਾਏ ਐਡਵੋਕੇਟ ਵੈਲਫੇਅਰ ਫੰਡ ਨੂੰ ਮਹਾਮਾਰੀ ਦੇ ਹਾਲਾਤਾਂ ਚ ਇਸਤੇਮਾਲ ਕਰਨ ਬਾਰੇ ਪੰਜਾਬ ਸਰਕਾਰ ਤੁਰੰਤ ਕਮੇਟੀ ਗਠਿਤ ਕਰੇ, ਜੋ ਫੰਡ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਧੀਨ ਹਨ। ਇਸ ਤੋਂ ਇਲਾਵਾ, ਉਨ੍ਹਾਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਲੈ ਕੇ ਵੀ ਕਈ ਸੁਝਾਅ ਦਿੱਤੇ ਤੇ ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਛੋਟ ਮੌਕੇ ਸੋਸ਼ਲ ਡਿਸਪੈਂਸਿੰਗ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਮੰਗ ਕੀਤੀ।
ਇਨ੍ਹਾਂ ਸੁਝਾਵਾਂ ਤੇ ਪ੍ਰਤੀਕਿਰਿਆ ਦਿੰਦਿਆਂ, ਐੱਮ.ਪੀ ਤਿਵਾੜੀ ਨੇ ਭਰੋਸਾ ਦਿੱਤਾ ਕਿ ਕਾਨੂੰਨੀ ਸਮਾਜ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਆਂ ਮੁਹੱਈਆ ਕਰਵਾਉਣ ਚ ਕਾਨੂੰਨੀ ਸਮਾਜ ਦੀ ਅਹਿਮ ਭੂਮਿਕਾ ਹੈ ਅਤੇ ਇਨ੍ਹਾਂ ਮੁਸ਼ਕਿਲ ਹਲਾਤਾਂ ਚ ਉਨ੍ਹਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਪ੍ਰਧਾਨ ਡੀਪੀ ਰੰਧਾਵਾ, ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਚਾਹਲ, ਰੋਪੜ ਦੇ ਪ੍ਰਧਾਨ ਜੇਪੀਐੱਸ ਢੇਰ, ਨਵਾਂਸ਼ਹਿਰ ਦੇ ਪ੍ਰਧਾਨ ਵਰਿੰਦਰ ਪਾਹਵਾ, ਗੜ੍ਹਸ਼ੰਕਰ ਦੇ ਪ੍ਰਧਾਨ ਪੰਕਜ ਕ੍ਰਿਪਾਲ, ਬਲਾਚੌਰ ਦੇ ਪ੍ਰਧਾਨ ਹਰਜਿੰਦਰ ਸਿੰਘ, ਖਰੜ ਦੇ ਪ੍ਰਧਾਨ ਸਚਿਨ ਕੁਮਾਰ, ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦੌਲਤ ਸਿੰਘ ਚਬਰੇਵਾਲ, ਅਮਨ ਸਲੈਚ ਵੀ ਵੀਡੀਓ ਕਾਨਫਰੈਂਸਿੰਗ ਚ ਸ਼ਾਮਿਲ ਰਹੇ।