ਅਸ਼ੋਕ ਵਰਮਾ
ਬਠਿੰਡਾ, 8 ਮਈ 2020 - ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬੀ.ਐਫ.ਜੀ.ਆਈ. ਨੇ ਵਿਲੱਖਣ ਉਪਰਾਲਾ ਕਰਦਿਆਂ ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਘਰ ਬੈਠੇ ਵਿਦਿਆਰਥੀਆਂ ਨੂੰ ‘ਕੈਰੀਅਰ ਗਾਈਡੈਂਸ ਐਂਡ ਕਾੳਂੂਸਲਿੰਗ’ ਬਾਰੇ ਜਾਣਕਾਰੀ ਦੇਣ ਲਈ ਵੈਬੀਨਾਰਾਂ ਦੀ ਲੜੀ ਤਹਿਤ ਬੀ.ਐਫ.ਜੀ.ਆਈ. ਵੱਲੋਂ ਦੂਸਰਾ ਵੈਬੀਨਾਰ ‘10ਵੀਂ ਤੋਂ ਬਾਅਦ ਕੈਰੀਅਰ ਦੇ ਵਿਕਲਪ’ ਬਾਰੇ ਮਿਤੀ 7 ਮਈ ਦਿਨ ਵੀਰਵਾਰ ਨੂੰ ਕਰਵਾਇਆ ਗਿਆ ਜਿਸ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਦੇ ਡਿਪਟੀ ਸੀ.ਈ.ਓ. ਸ. ਤੀਰਥਪਾਲ ਸਿੰਘ ਅਤੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਮਾਹਿਰ ਵਜੋਂ ਹਾਜ਼ਰ ਹੋਏ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 10ਵੀਂ ਤੋਂ ਬਾਅਦ ਆਮ ਤੌਰ ਤੇ ਵਿਦਿਆਰਥੀ ਕੇਵਲ ਆਪਣੀ ਰੁਚੀ, ਪ੍ਰਾਪਤ ਹੋਏ ਅੰਕਾਂ ਜਾਂ ਕਿਸੇ ਦੇ ਕਹਿਣ ਅਨੁਸਾਰ ਆਪਣਾ ਕੈਰੀਅਰ ਚੁਣ ਲੈਂਦੇ ਹਨ ਜੋ ਕਿ ਸਹੀ ਢੰਗ ਨਹੀਂ ਹੈ। ਕੈਰੀਅਰ ਦੀ ਸਹੀ ਚੋਣ ਕਰਨ ਲਈ ਹਰ ਵਿਦਿਆਰਥੀ ਨੂੰ ਪਹਿਲਾਂ ਐਪਟੀਚਿਊਡ ਟੈੱਸਟ ਦੇਣਾ ਚਾਹੀਦਾ ਜੋ ਕਿ ਇੱਕ ਮਨੋਵਿਗਿਆਨਕ ਟੈੱਸਟ ਹੈ ਅਤੇ ਫਿਰ ਕਿਸੇ ਕੈਰੀਅਰ ਮਾਹਿਰ ਤੋਂ ਕਾਊਂਸਲਿੰਗ ਕਰਵਾ ਕੇ ਕੈਰੀਅਰ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਵੱਡੇ ਸ਼ਹਿਰਾਂ ਅਤੇ ਮਹਾਂਨਗਰਾਂ ਵਿੱਚ ਭਾਰੀ ਭਰਕਮ ਫ਼ੀਸਾਂ ਲੈ ਕੇ ਇਹ ਐਪਟੀਚਿਊਡ ਟੈੱਸਟ ਕੀਤਾ ਜਾਂਦਾ ਹੈ ਪਰ ਬੀ.ਐਫ.ਜੀ.ਆਈ. ਵੱਲੋਂ ਆਪਣੀ ਵੈੱਬਸਾਈਟ www.babafaridgroup.com. ’ਤੇ ਇਹ ਐਪਟੀਚਿਊਡ ਟੈੱਸਟ ਆਨਲਾਈਨ ਉਪਲਬਧ ਕਰਵਾਇਆ ਗਿਆ ਹੈ ਜੋ ਬਿਲਕੁਲ ਮੁਫ਼ਤ ਹੈ।
ਉਨਾਂ ਨੇ ਕਿਹਾ ਕੈਰੀਅਰ ਦੀ ਚੋਣ ਦੇ ਨਾਲ-ਨਾਲ ਸਹੀ ਸੰਸਥਾ ਦੀ ਚੋਣ ਕਰਨਾ ਵੀ ਲਾਜ਼ਮੀ ਹੈ। ਇਸ ਲਈ ਵੱਖ-ਵੱਖ ਮਾਪਦੰਡਾਂ ਜਿਵੇਂ ਸੰਸਥਾ ਦੀ ਵੈੱਬਸਾਈਟ, ਫੈਕਲਟੀ, ਬੁਨਿਆਦੀ ਢਾਂਚਾ, ਸਹੂਲਤਾਂ, ਨਤੀਜੇ ਅਤੇ ਪਲੇਸਮੈਂਟਾਂ ਆਦਿ ਦੇ ਆਧਾਰ ਤੇ ਸਰਵਉੱਤਮ ਸੰਸਥਾ ਨੂੰ ਚੁਣਨਾ ਚਾਹੀਦਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਵਿਸ਼ੇ ਅਨੁਸਾਰ ਇੱਕ ਮਾਹਿਰ ਕਾਊਂਸਲਰ ਵੀ ਵਿਦਿਆਰਥੀਆਂ ਦੀ ਮਦਦ ਅਤੇ ਸਹਿਯੋਗ ਲਈ ਪੱਕੇ ਤੌਰ ’ਤੇ ਨਿਯੁਕਤ ਕੀਤਾ ਜਾ ਰਿਹਾ ਹੈ । ਉਨਾਂ ਨੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੰਗੇ ਕੈਰੀਅਰ ਲਈ ਵਿਦਿਆਰਥੀਆਂ ਨੂੰ ਡੱਮੀ ਦਾਖ਼ਲੇ ਦੀ ਬਜਾਏ ਨਿਯਮਤ ਪੜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਦਸਵੀਂ ਤੋਂ ਬਾਅਦ ਕਿਸੇ ਬੋਰਡ ਵਿਸ਼ੇਸ਼ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿਉਂਕਿ ਦਸਵੀਂ ਤੋਂ ਬਾਦ ਸਾਰੇ ਬੋਰਡਾਂ ਦਾ ਪਾਠਕ੍ਰਮ ਅਤੇ ਪਹੁੰਚ ਲਗਭਗ ਇੱਕੋ ਜਿਹੀ ਹੀ ਹੁੰਦੀ ਹੈ।
ਦਸਵੀਂ ਤੋਂ ਬਾਅਦ ਨੌਕਰੀ ਦੇ ਮੌਕੇ ਲੈਣ ਬਾਰੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦਿੰਦਿਆਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਦੇ ਡਿਪਟੀ ਸੀ.ਈ.ਓ. ਸ. ਤੀਰਥਪਾਲ ਸਿੰਘ ਨੇ ਦੱਸਿਆ ਕਿ ਥੋੜੇ ਸਮੇਂ ਦੇ ਕਿੱਤਾ ਮੁਖੀ ਕੋਰਸਾਂ ਨੂੰ ਕਰ ਕੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਨੌਕਰੀ ਦੇ ਭਰਪੂਰ ਮੌਕੇ ਹਾਸਲ ਕੀਤੇ ਜਾ ਸਕਦੇ ਹਨ। ਅਜਿਹੇ ਬਹੁਤ ਸਾਰੇ ਕੋਰਸ ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀ ਇਨਾਂ ਕੋਰਸਾਂ ਨੂੰ ਕਰ ਕੇ ਆਪਣਾ ਕਾਰੋਬਾਰ ਵੀ ਕਰ ਸਕਦੇ ਹਨ। ਉਨਾਂ ਨੇ ਦਸਵੀਂ ਤੋਂ ਬਾਅਦ ਭਾਰਤੀ ਫ਼ੌਜ ਅਤੇ ਭਾਰਤੀ ਏਅਰ ਫੋਰਸ ਵਿੱਚ ਨੌਕਰੀ ਦੇ ਬਹੁਤ ਸਾਰੇ ਮੌਕਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨਾਂ ਨੇ ਬੀ.ਐਫ.ਜੀ.ਆਈ. ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲਾਕਡਾਊਨ ਦੇ ਅਜਿਹੇ ਔਖੇ ਸਮੇਂ ਵਿੱਚ ਵੀ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਸੇਧ ਦੇਣਾ ਬਹੁਤ ਹੀ ਸ਼ਲਾਘਾਯੋਗ ਨੇਕ ਕਾਰਜ ਹੈ। ਉਨਾਂ ਨੇ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਹਰ ਸਮੇਂ ਵਿਦਿਆਰਥੀਆਂ ਦੀ ਸਹਾਇਤਾ ਲਈ ਹਾਜ਼ਰ ਹੈ।
ਇਸ ਵੈਬੀਨਾਰ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਵਿਦਿਆਰਥੀਆਂ ਨੂੰ ‘10ਵੀਂ ਜਮਾਤ ਤੋਂ ਬਾਅਦ ਕੈਰੀਅਰ ਦੇ ਵੱਖ-ਵੱਖ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਾਇੰਸ (ਮੈਡੀਕਲ, ਨਾਨ-ਮੈਡੀਕਲ), ਕਾਮਰਸ, ਆਰਟਸ ਅਤੇ ਵੋਕੇਸ਼ਨਲ ਆਦਿ ਸਟ੍ਰੀਮਾਂ ਦੇ ਸਾਰੇ ਵਿਸ਼ਿਆਂ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਤਕਨੀਕੀ ਕੋਰਸਾਂ, ਪੈਰਾ ਮੈਡੀਕਲ ਕੋਰਸਾਂ, ਹੁਨਰ ਆਧਾਰਿਤ ਸਰਟੀਫਿਕੇਟ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨਾਂ ਨੇ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਦੇ ਭਰਪੂਰ ਮੌਕਿਆਂ ਬਾਰੇ ਵੀ ਦੱਸਿਆ।
ਦੱਸਣਯੋਗ ਹੈ ਕਿ ਇਸ ਵੈਬੀਨਾਰ ਲੜੀ ਤਹਿਤ ਅਗਲਾ ਵੈਬੀਨਾਰ ‘12ਵੀਂ ਤੋਂ ਬਾਅਦ ਕੈਰੀਅਰ ਵਿਕਲਪ’ ਬਾਰੇ ਮਿਤੀ 14 ਮਈ, 2020 ਦਿਨ ਵੀਰਵਾਰ ਨੂੰ ਹੋਵੇਗਾ। ਜਿਸ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਅਤੇ ਪ੍ਰਸ਼ਨ ਪੁੱਛਣ ਲਈ ਵਿਦਿਆਰਥੀ ਬੀ.ਐਫ.ਜੀ.ਆਈ. ਦੇ ਫੇਸਬੁੱਕ ਪੇਜ਼ ਜਾਂ ਵੈੱਬਸਾਈਟ ਦੁਆਰਾ ਜੁੜ ਸਕਦੇ ਹਨ। ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਮਾਹਿਰ ਹਰ ਵੀਰਵਾਰ ਸ਼ਾਮ 5:30 ਵਜੇ ਵਿਦਿਆਰਥੀ ਨੂੰ ਕੈਰੀਅਰ ਸੰਬੰਧੀ ਆਨਲਾਈਨ ਜਾਣਕਾਰੀ ਦਿੰਦੇ ਹਨ। ਖ਼ਾਸੀਅਤ ਇਹ ਹੈ ਕਿ ਹਜ਼ਾਰਾਂ ਵਿਦਿਆਰਥੀ ਇੱਕੋ ਸਮੇਂ ਵੈਬੀਨਾਰ ਵਿੱਚ ਜੁੜ ਕੇ ਮਾਹਿਰਾਂ ਨੂੰ ਵੇਖ ਅਤੇ ਸੁਣ ਸਕਦੇ ਹਨ ਅਤੇ ਨਾਲੋਂ-ਨਾਲ ਮਾਹਿਰ ਤੋਂ ਪ੍ਰਸ਼ਨ ਪੁੱਛ ਕੇ ਆਪਣੀ ਸ਼ੰਕਾ ਨੂੰ ਦੂਰ ਕਰ ਸਕਦੇ ਹਨ।