- ਨਾਕਿਆਂ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਛਕਾਏ ਜਾ ਰਹੇ ਹਨ ਚਾਹ ਦੇ ਲੰਗਰ
ਫਿਰੋਜ਼ਪੁਰ, 8 ਮਈ 2020 : ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਲਾਕ ਡਾਊਨ ਅਤੇ ਕਰਫਿਓ ਪ੍ਰਭਾਵਿਤ ਦਿਹਾੜੀਦਾਰਾਂ ਜੋ ਭੁੱਖੇ ਪੇਟ ਸੋਣ ਲਈ ਮਜ਼ਬੂਰ ਹਨ ਨੂੰ ਲੰਗਰ ਦਾ ਪ੍ਰਬੰਧ ਕਰਕੇ ਉਨ੍ਹਾਂ ਦੇ ਘਰ ਘਰ ਪਹੁੰਚਾਉਣ ਅਤੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਜੋ ਆਵਾਜਾਈ ਦੇ ਬੰਦ ਹੋਏ ਸਾਧਨਾਂ ਕਰਕੇ ਆਪਣੇ ਘਰਾਂ ਤੋਂ ਰੋਟੀ ਲਿਆਉਣ ਲਈ ਅਸਮਰੱਥ ਸਨ ਨੂੰ ਲੰਗਰ ਪਹੁੰਚਾਉਣ ਦੇ ਕਾਰਨ ਸੇਵਾ ਦੇ ਖੇਤਰ ਵਿਚ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੀ ਸਿੱਖ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂ ਉਪਰੋਕਤ ਸੇਵਾ ਦੇ ਨਾਲ ਨਾਲ ਪੁਲਿਸ ਮੁਲਾਜ਼ਮ ਜੋ ਆਪਣੀ ਜਾਨ ਜੋਖਮ ਵਿਚ ਪਾ ਕੇ ਜਨਤਾ ਦੀ ਸੇਵਾ ਕਰ ਰਹੇ ਹਨ ਦੇ ਲਈ ਚਾਹ ਦੇ ਲੰਗਰਾਂ ਦਾ ਪ੍ਰਬੰਧ ਵੀ ਕਰ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਫੈਡਰੇਸ਼ਨ ਮਹਿਤਾ ਆਗੂ ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲਾ, ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਗਗਨਦੀਪ ਸਿੰਘ ਚਾਵਲਾ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਲੋਕੋ, ਨਿਰਮਲ ਸਿੰਘ ਭੋਲਾ ਅਤੇ ਕੁਲਦੀਪ ਸਿੰਘ ਨੱਢਾ ਆਦਿ ਆਗੂਆਂ ਨੇ ਨਾਕਿਆਂ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਉਥੇ ਪਹੁੰਚ ਚਾਹ ਦੇ ਲੰਗਰ ਛਕਾ ਰਹੇ ਹਨ। ਉਪਰੋਕਤ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਦੇ ਬਦਲੇ ਹਰੇਕ ਵਿਅਕਤੀ ਦਾ ਫਰਜ਼ ਹੈ ਕਿ ਉਹ ਇਨ੍ਹਾਂ ਮੁਲਾਜ਼ਮਾਂ ਦੀ ਡੱਟ ਕੇ ਸੇਵਾ ਕਰੇ।