- ਸਵੇਰੇ 7 ਵਜੇ ਤੋਂ ਰਾਤ 7 ਵਜੇ ਤੱਕ ਕੀਤੀ ਜਾ ਸਕੇਗੀ ਡਲਿਵਰੀ
- ਅੰਦਰ ਬਿਠਾ ਕੇ ਖਾਣਾ ਖਵਾਉਣ 'ਤੇ ਮੁਕੰਮਲ ਪਾਬੰਦੀ ਰਹੇਗੀ-ਜ਼ਿਲ੍ਹਾ ਮੈਜਿਸਟ੍ਰੇਟ
- ਦੁਕਾਨਦਾਰਾਂ ਨੂੰ ਸਫਾਈ ਅਤੇ ਹਦਾਇਤਾਂ ਦਾ ਰੱਖਣਾ ਪਵੇਗਾ ਖ਼ਿਆਲ
- ਇੱਕ ਨਵਾਂ ਪਾਜ਼ੀਟਿਵ ਮਾਮਲਾ ਆਇਆ, ਦੋ ਠੀਕ ਹੋਏ
ਲੁਧਿਆਣਾ, 8 ਮਈ 2020 - ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਦੇਸ਼ ਜਾਰੀ ਕਰਕੇ ਸਾਰੇ ਰੇਸਤਰਾਂ, ਖਾਣ-ਪੀਣ ਦੀਆਂ ਦੁਕਾਨਾਂ, ਹਲਵਾਈਆਂ, ਆਈਸ ਕਰੀਮ ਦੁਕਾਨਾਂ ਅਤੇ ਜੂਸ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਘਰ-ਘਰ ਡਲਿਵਰੀ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਸਥਾਨਾਂ 'ਤੇ ਬਿਠਾ ਕੇ ਖਾਣਾ ਖਵਾਉਣ ਅਤੇ ਖੁਦ ਘਰ ਨੂੰ ਲਿਜਾਣ ਦੀ ਮੁਕੰਮਲ ਪਾਬੰਦੀ ਰਹੇਗੀ। ਇਹ ਕੰਮ ਕਰਨ ਲਈ ਦੁਕਾਨਦਾਰਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਤੋਂ ਕਿਸੇ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਲਾਜ਼ਮੀ ਹੈ।
ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਸਫਾਈ ਵਿਵਸਥਾ ਬਹਾਲ ਰੱਖਣੀ ਪਵੇਗੀ। ਇਥੇ ਕੰਮ ਕਰਨ ਵਾਲੇ ਹਰੇਕ ਵਰਕਰ ਦਾ ਰੋਜ਼ਾਨਾ ਬੁਖ਼ਾਰ ਆਦਿ ਚੈੱਕ ਕਰਨਾ ਤੇ ਰਿਕਾਰਡ ਰੱਖਣਾ, ਹਰੇਕ ਹਿੱਸੇ ਨੂੰ ਸੈਨੀਟਾਈਜ਼ ਕਰਨਾ, ਸਮੇਂ-ਸਮੇਂ 'ਤੇ ਹੱਥ ਧਵਾਉਣੇ, ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਘਰ-ਘਰ ਡਲਿਵਰੀ ਵੇਲੇ ਖਾਣ ਪੀਣ ਦੇ ਸਮਾਨ ਦੀ ਵਧੀਆ ਤਰੀਕੇ ਨਾਲ ਪੈਕਿੰਗ ਹੋਣੀ ਲਾਜ਼ਮੀ ਹੈ। ਵਾਹਨ ਸਾਫ਼ ਸੁਥਰਾ ਅਤੇ ਰੋਗਾਣੂ ਮੁਕਤ ਹੋਣਾ ਚਾਹੀਦਾ ਹੈ। ਜਿੱਥੇ ਸਮਾਨ ਮੁਹੱਈਆ ਕਰਾਉਣਾ ਹੈ, ਉਸ ਵਿਅਕਤੀ ਨਾਲ ਕੋਈ ਵੀ ਸਰੀਰਕ ਸੰਪਰਕ ਕਰਨ ਦੀ ਮਨਾਹੀ ਹੋਵੇਗੀ। ਡਲਿਵਰੀ ਵਾਲੇ ਵਰਕਰ ਦੇ ਹੱਥਾਂ 'ਤੇ ਦਸਤਾਨੇ ਅਤੇ ਮੂੰਹ 'ਤੇ ਮਾਸਕ ਲੱਗਿਆ ਹੋਣਾ ਲਾਜ਼ਮੀ ਹੋਵੇਗਾ। ਉਹ ਡੋਰ ਬੈੱਲ ਆਦਿ ਨੂੰ ਹੱਥ ਨਹੀਂ ਲਗਾਏਗਾ।
ਅਗਰਵਾਲ ਨੇ ਸਪੱਸ਼ਟ ਕੀਤਾ ਕਿ ਕੋਵਿਡ 19 ਸੰੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨੀ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 3818 ਨਮੂਨੇ ਲਏ ਗਏ ਹਨ, ਜਿਨ੍ਹਓ ਵਿੱਚੋਂ 125 ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 20 ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਅੱਜ ਇੱਕ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਇਹ ਵਿਅਕਤੀ ਸ਼ਹੀਦ ਭਗਤ ਸਿੰਘ ਨਗਰ ਵਿਖੇ ਗਿਆ ਸੀ ਜਿੱਥੇ ਉਸਨੇ ਟੈਸਟ ਕਰਾਇਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ। ਇਸ ਮਰੀਜ਼ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 10 ਮਰੀਜ਼ (ਦੋ ਅੱਜ) ਠੀਕ ਹੋ ਚੁੱਕੇ ਹਨ, ਜਦਕਿ ਮੌਜੂਦਾ ਸਮੇਂ 110 ਮਰੀਜ਼ਾਂ ਦਾ ਇਲਾਜ਼ ਜਾਰੀ ਹੈ।