ਦਿਨੇਸ਼
ਗੁਰਦਾਸਪੁਰ, 09 ਮਈ 2020 - ਮੌਜੂਦਾ ਸਮੇਂ ਦੌਰਾਨ ਚੱਲ ਰਹੀ ਔਖੀ ਘੜੀ 'ਚ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਆਪਣੀ ਆਪਣੀ ਸਮਰੱਥਾ ਮੁਤਾਬਿਕ ਮਨੁੱਖਤਾ ਦੀ ਸੇਵਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਜਿਸ ਦਾ ਸਬੂਤ ਸੋਸ਼ਲ ਮੀਡੀਆ ਦੇ ਨਾਲ ਨਾਲ ਅਖ਼ਬਾਰਾਂ ਦੇ ਪੰਨਿਆਂ ਉੱਪਰ ਵੀ ਵੇਖਿਆ ਜਾ ਸਕਦਾ ਹੈ। ਪਰ ਅਕਾਲ ਪੁਰਖ ਵੱਲੋਂ ਸਿਰਜੀ ਗਈ ਇਸ ਦੁਨੀਆ 'ਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਗੁਪਤ ਦਾਨ ਕਰਨ ਵਿੱਚ ਭਰੋਸਾ ਰੱਖਦੇ ਹਨ ਅਤੇ ਮੀਡੀਆ ਦੀਆਂ ਸੁਰਖ਼ੀਆਂ ਤੋਂ ਦੂਰ ਰਹਿ ਕੇ ਮੁਸੀਬਤ 'ਚ ਫਸੇ ਆਮ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਯਕੀਨ ਰੱਖਦੇ ਹਨ।
ਇਸ ਦੀ ਇੱਕ ਤਾਜ਼ਾ ਮਿਸਾਲ ਅਚਾਨਕ ਉਸ ਵੇਲੇ ਸਾਹਮਣੇ ਆਈ ਜਦੋਂ ਬਾਬੂਸ਼ਾਹੀ ਦੀ ਟੀਮ ਵੱਲੋਂ ਕਸਬਾ ਕਾਦੀਆਂ ਦੇ ਨਗਰ ਕੌਂਸਲ ਦਫ਼ਤਰ ਵਿਖੇ ਤਰਤੀਬਵਾਰ ਖੜ੍ਹੇ ਲੋਕਾਂ ਨੂੰ ਅਜਿਹੇ ਤਰੀਕੇ ਨਾਲ ਲੰਮੀਆਂ ਲੰਮੀਆਂ ਕਤਾਰਾਂ ਲਗਾ ਕੇ ਖਲੋਣ ਦਾ ਕਰਨ ਪੁੱਛਿਆ ਗਿਆ। ਲਾਈਨ ਵਿੱਚ ਲੱਗੇ ਲੋਕਾਂ ਨੇ ਦੱਸਿਆ ਕਿ ਇੱਕ ਬਜ਼ੁਰਗ ਵਿਅਕਤੀ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਨਕਦ ਪੈਸੇ ਵੰਡ ਕੇ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਅਤੇ ਅੱਜ ਵੀ ਉਹ ਅਜਿਹਾ ਕਰਨ ਵਾਲਾ ਹੈ।
ਮਾਮਲੇ ਦੇ ਸਚਾਈ ਪਰਖਣ ਲਈ ਜਦੋਂ ਕੁੱਝ ਸਮਾਂ ਇੰਤਜ਼ਾਰ ਕੀਤਾ ਗਿਆ ਤਾਂ ਸੱਚ -ਮੁਚ ਉੱਥੇ ਇਕ ਬਜ਼ੁਰਗ ਜਿਸ ਨੇ ਹੱਥ ਵਿੱਚ ਨੋਟਾਂ ਦੇ 200-200 ਦੇ ਬੰਡਲ ਫੜੇ ਹੋਏ ਸਨ। ਬਿਨਾ ਕਿਸੇ ਤੋਂ ਕੁੱਝ ਪੁੱਛਿਆਂ ਨਿਧੜਕ ਹੋ ਕੇ ਲਾਈਨ ਵਿਖੇ ਲੱਗੇ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੰਡਣੇ ਸ਼ੁਰੂ ਕਰ ਦਿੱਤੇ। ਹਾਲਾਂ ਕਿ ਜਦੋਂ ਉਸ ਬਜ਼ੁਰਗ ਵਿਅਕਤੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ। ਉਸ ਨੇ ਫ਼ੋਟੋ ਖਿੱਚਣ ਸਮੇਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਦੇਣ ਤੋਂ ਸਾਫ਼਼ ਇਨਕਾਰ ਕਰ ਦਿੱਤਾ।
ਇਸ ਸਬੰਧੀ ਜਦੋਂ ਪੈਸੇ ਵੰਡ ਰਹੇ ਬਜ਼ੁਰਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਨ੍ਹਾਂ ਨੇ ਆਪਣਾ ਨਾਮ ਅਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ। ਕਿ ਉਹ ਭਾਰਤ ਅਤੇ ਪੰਜਾਬ ਦੇ ਨਾਗਰਿਕ ਹਨ ਅਤੇ ਲੋੜ ਪੈਣ ਤੇ ਆਪਣੀ ਸਮਰੱਥਾ ਮੁਤਾਬਿਕ ਆਪਣੇ ਦੇਸ਼ ਵਾਸੀਆਂ ਦੀ ਸਹਾਇਤਾ ਕਰਨਾ ਆਪਣਾ ਫ਼ਰਜ਼ ਸਮਝਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਲੋੜ ਦੂਸਰੇ ਨਾਲੋਂ ਵੱਖਰੀ ਹੁੰਦੀ ਹੈ ਅਤੇ ਇਸੇ ਲਈ ਉਹ ਨਕਦ ਪੈਸੇ ਵੰਡ ਰਹੇ ਹਨ। ਤਾਂ ਜੋ ਹਰੇਕ ਵਿਅਕਤੀ ਆਪਣੀ ਲੋੜ ਪੂਰੀ ਕਰ ਸਕੇ।
ਉੱਥੇ ਦੂਜੇ ਪਾਸੇ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਸ਼ੁਰੂ ਹੋਣ ਤੋਂ ਬਾਦ ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਅਨੇਕਾਂ ਉਪਰਾਲੇ ਕੀਤੇ ਗਏ ਹੋਣ। ਪਰ ਲੋਕਲ ਨੁਮਾਇੰਦੇ ਇਸ ਘੜੀ ਵਿੱਚ ਵੀ ਵੋਟਾਂ ਦੀ ਰਾਜਨੀਤੀ ਕਰਦਿਆਂ ਸਿਰਫ਼ ਆਪਣੇ ਵੋਟਰਾਂ ਨੂੰ ਹੀ ਰਾਸ਼ਨ ਅਤੇ ਹੋਰ ਸਹਾਇਤਾ ਸਮਗਰੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਕਾਦੀਆਂ ਵਿਖੇ ਲਾਕਡਾਊਨ ਦੌਰਾਨ ਬਹੁਤ ਸਾਰੇ ਲੋੜਵੰਦ ਪਰਿਵਾਰ ਅਜਿਹੇ ਹਨ। ਜਿਨ੍ਹਾਂ ਦੀ ਕਿਸੇ ਵੀ ਨੁਮਾਇੰਦੇ ਨੇ ਬਾਂਹ ਨਹੀਂ ਫੜ੍ਹੀ ਅਤੇ ਉਦੋਂ ਤੋਂ ਹੀ ਇਹ ਬਜ਼ੁਰਗ ਇਨਸਾਨ ਸਮੇਂ ਸਮੇਂ ਤੋਂ ਲੋੜਵੰਦ ਲੋਕਾਂ ਨੂੰ ਪੈਸੇ ਵੰਡ ਕੇ ਉਨ੍ਹਾਂ ਦੇ ਦੁੱਖ ਦੂਰ ਕਰ ਰਿਹਾ ਹੈ