ਰਜਨੀਸ਼ ਸਰੀਨ
- ਉਨ੍ਹਾਂ ਦੀ ਨਿਸ਼ਠਾ ਨੂੰ ਸਾਦਾ ਸਮਾਗਮ ਕਰਕੇ ਕੀਤਾ ਸਲਾਮ
- ਮਹਿਲਾ ਮੁਲਾਜ਼ਮਾਂ ਦੀਆਂ ਮਸ਼ਕਿਲਾਂ ਸੁਣ ਕੇ ਮੌਕੇ ’ਤੇ ਕੀਤਾ ਨਿਪਟਾਰਾ
- ਬੱਚਿਆਂ ਨੂੰ ਡਿਊਟੀ ਦੇ ਨਾਲ-ਨਾਲ ਪਾਲਣ-ਪੋਸਣ ਦੇ ਤਜਰਬੇ ਸੁਣੇ ਤੇ ਸਾਂਝੇ ਕੀਤੇ
ਨਵਾਂਸ਼ਹਿਰ, 9 ਮਈ 2020 - ਕੋਵਿਡ ਡਿਊਟੀ ’ਤੇ ਲੱਗੀਆਂ ਜ਼ਿਲ੍ਹੇ ਦੀਆਂ ਲੇਡੀ ਪੁੁਲਿਸ ਮੁਲਾਜ਼ਮਾਂ ਜਿਹੜੀਆਂ ਮਾਂਵਾਂ ਵੀ ਹਨ, ਨੂੰ ਅੱਜ ਐਸ ਐਸ ਪੀ ਅਲਕਾ ਮੀਨਾ ਵੱਲੋਂ ‘ਮਦਰਜ਼ ਦਿਵਸ’ ਨੂੰ ਸਮਰਪਿਤ ਸਾਦਾ ਸਮਾਗਮ ਕਰਕੇ ਇਸ ਮੌਕੇ ’ਤੇ ਖੁਸ਼ੀਆਂ ਵੰਡਣ ਦਾ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ।
ਐਸ ਐਸ ਪੀ ਸ੍ਰੀਮਤੀ ਮੀਨਾ ਨੇ ਇਸ ਮੌਕੇ ਆਖਿਆ ਕਿ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਜੋ ਕਿ ਮਾਂਵਾਂ ਵੀ ਹਨ, ਨੂੰ ਆਪਣੀ ਦੋਹਰੀ ਡਿਊਟੀ ਬਹੁਤ ਹੀ ਸਮਰਪਣ ਅਤੇ ਨਿਸ਼ਠਾ ਨਾਲ ਕਰ ਰਹੀਆਂ ਹੋਣ ਕਾਰਨ, ਅੱਜ ਇਸ ਸਮਾਗਮ ਰਾਹੀਂ ਸਲਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲ੍ਹ ਜਦੋਂ ਸਾਰੇ ਪਾਸੇ ‘ਮਾਂ ਦਿਵਸ’ ਮਨਾਇਆ ਜਾ ਰਿਹਾ ਹੋਵੇਗਾ ਤਾਂ ਸਾਡੀਆਂ ਇਹ ਬਹਾਦਰ ਮਹਿਲਾ ਜੁਆਨ ਆਪੋ-ਆਪਣੀ ਡਿਊਟੀ ਨਿਭਾਅ ਰਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਖੁਦ ਵੀ ਇੱਕ ਬੱਚੇ ਦੀ ਮਾਂ ਹੋਣ ਕਾਰਨ, ਉਹ ਮਾਂ ਅਤੇ ਪੁਲਿਸ ਦੀਆਂ ਜ਼ਿੰਮੇਂਵਾਰੀਆਂ ਤੋਂ ਭਲੀ-ਭਾਂਤ ਵਾਕਿਫ਼ ਹਨ। ਇੱਕ ਪਾਸੇ ਬੱਚਿਆਂ ਦੀ ਜ਼ਿੱਦ ਹੁੰਦੀ ਹੈ ਕਿ ਸਾਡੇ ਨਾਲ ਸਮਾਂ ਬਤੀਤ ਕਰੋ ਤੇ ਸਾਡੀਆਂ ਨਿੱਕੀਆਂ-ਨਿੱਕੀਆਂ ਗੱਲਾਂ ਮਾਣੋ ਪਰੰਤੂ ਦੂਜੇ ਪਾਸੇ ਜਨਤਕ ਡਿਊਟੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਿਸ ਮੁਲਾਜ਼ਮ ਮਾਂਵਾਂ ਨੂੰ ਉਨ੍ਹਾਂ ਦੀ ਇਸ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਸਲਾਮ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਅੱਜ ਢੁਕਵਾਂ ਸਮਾਂ ਜਾਪਿਆ, ਜਿਸ ਲਈ ਇਹ ਸਾਰਾ ਕੁੱਝ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮੌਕੇ ’ਤੇ ਹੀ ਹੱਲ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਨਾ ਤਾਂ ਉਹ ਆਪਣੇ ਆਪ ਨੂੰ ਜ਼ਿਲ੍ਹਾ ਪੁਲਿਸ ਮੁਖੀ ਸਮਝ ਰਹੇ ਸਨ ਤੇ ਨਾ ਹੀ ਇਹ ਆਪਣੇ ਆਪ ਨੂੰ ਮੇਰੀਆਂ ਮਤਾਹਿਤ ਮੁਲਾਜ਼ਮਾਂ। ਇੱਕ ਮਾਂ, ਦੂਸਰੀ ਮਾਂ ਨਾਲ ਗੱਲ ਕਰ ਰਹੀ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਥਿਤੀ ’ਚ ਹੋਣ ਕਾਰਨ, ਨਾਲ ਦੀ ਨਾਲ, ਉਨ੍ਹਾਂ ਨੂੰ ਸੁਲਝਾ ਵੀ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਪਣੀਆਂ ਦਲੇਰ ਪੁਲਿਸ ਮੁਲਾਜ਼ਮਾਂ ਨਾਲ ਬਿਤਾ ਕੇ ਬੜਾ ਸਕੂਨ ਮਿਲਿਆ ਅਤੇ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਅੱਗੇ ਤੋਂ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਆਪੋ-ਆਪਣੇ ਤਜਰਬੇ ਸਾਂਝੇ ਕਰਦਿਆਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਹ ਸਮੇਂ ਵੀ ਯਾਦ ਕੀਤੇ ਜਦੋਂ ਜਜ਼ਬਾਤਾਂ ਅਤੇ ਮਮਤਾ ’ਤੇ ਉਨ੍ਹਾਂ ਨੇ ਆਪਣੇ ਫ਼ਰਜ਼ ਨੂੰ ਪਰਮ ਅਗੇਤ ਦਿੱਤੀ। ਸਿਪਾਹੀ ਸੰਗੀਤਾ ਰਾਣੀ ਨੇ ਕਿਹਾ ਕਿ ਪੁਲਿਸ ਡਿੳੂਟੀ ਦੇ ਨਾਲ ਬੱਚੇ ਪਾਲਣੇ ਬੜਾ ਮੁਸ਼ਕਿਲ ਹੁੰਦਾ ਹੈ ਪਰੰਤੂ ਉਸ ਨੂੰ ਖੁਸ਼ੀ ਹੈ ਕਿ ਉਹ ਦੋਵਾਂ ਡਿਊਟੀਆਂ ਨੂੰ ਨਾਲੋ-ਨਾਲ ਨਿਭਾਅ ਰਹੀ ਹੈ। ਇੱਕ ਹੋਰ ਮੁਲਾਜ਼ਮ ਰਣਦੀਪ ਕੌਰ ਇਹ ਦੱਸਦੇ-ਦੱਸਦੇ ਭਾਵੁਕ ਹੋ ਗਈ ਕਿ ਆਪਣੇ ਇੱਕ ਸਾਲ ਦੇ ਬੱਚੇ ਨੂੰ ਛੱਡ ਕੇ ਡਿਊਟੀ ਆਉਣਾ ਕਿਸ ਤਰ੍ਹਾਂ ਜਾਪਦਾ ਹੈ। ਮਨਦੀਪ ਕੌਰ ਜਿਸ ਦੇ ਤਿੰਨੇ ਬੱਚਿਆਂ ਦਾ ਇੱਕੋ ਸਮੇਂ ਜਨਮ ਹੋਇਆ ਸੀ, ਨੇ ਚਾਰ ਸਾਲ ਪਹਿਲਾਂ ਦੇ ਹਾਲਤਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਮੁਸ਼ਕਿਲ ਤਾਂ ਹੁੰਦੀ ਸੀ ਪਰ ਚਣੌਤੀਆਂ ਨੂੰ ਸਰ ਕਰਨ ਵਾਲਾ ਹੀ ਮੰਜ਼ਿਲ ’ਤੇ ਪੁੱਜਦਾ ਹੈ। ਅੰਜੂ ਬਾਲਾ ਨੇ ਕਿਹਾ ਕਿ ਜਦੋਂ ਐਤਵਾਰ ਨੂੰ ਡਿੳੂਟੀ ’ਤੇ ਜਾਣਾ ਹੁੰਦਾ ਹੈ ਤਾਂ ਬੱਚਿਆਂ ਦੇ ਤੋਤਲੇ ਸੁਆਲ ਰਾਹ ਰੋਕ ਖੜ੍ਹੇ ਹੁੰਦੇ ਹਨ ਕਿ ਅੱਜ ਤਾਂ ਛੁੱਟੀ ਹੈ। ਏ ਐਸ ਆਈ ਅਮਰਜੀਤ ਕੌਰ ਨੇ ਬੜੀ ਦਿਲਚਸਪ ਗੱਲ ਸੁਣਾਈ ਕਿ ਜਦੋਂ ਤੜਕਸਾਰ ਡਿਊਟੀ ’ਤੇ ਜਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਮੂੰਹ-ਹਨ੍ਹੇਰੇ ਹੀ ਉਠਾ ਕੇ ਤਿਆਰ ਕਰ ਦਿੰਦੀ ਸੀ ਤੇ ਫ਼ਿਰ ਸੁਆ ਦਿੰਦੀ ਸੀ ਕਿ ਜਦੋਂ ਸਕੂਲ ਜਾਣ ਦਾ ਟਾਈਮ ਹੋਇਆ ਤਾਂ ਤਿਆਰ ਹੋਏ ਹੀ ਸਕੂਲ ਚਲੇ ਜਾਣਾ।
ਐਸ ਐਸ ਪੀ ਅਲਕਾ ਮੀਨਾ ਨੇ ਇਨ੍ਹਾਂ ਸਾਰਿਆਂ ਦੇ ਮਮਤਾ ਨਾਲ ਜੁੜੇ ਤਜਰਬੇ ਸੁਣਨ ਬਾਅਦ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਬੱਚੇ ਭੋਲੇ ਹੁੰਦੇ ਹਨ, ਜਿਨ੍ਹਾਂ ਨੂੰ ਕੇਵਲ ਇਹੀ ਹੁੰਦਾ ਹੈ ਕਿ ਮਾਤਾ-ਪਿਤਾ ਹਰ ਸਮੇਂ ਕੋਲ ਹੀ ਰਹਿਣ। ਉਨ੍ਹਾਂ ਦੱਸਿਆ ਕਿ ਪਤੀ ਦੇ ਹੋਰ ਸ਼ਹਿਰ ’ਚ ਤਾਇਨਾਤ ਹੋਣ ਕਾਰਨ ਅੱਜ ਕਲ੍ਹ ਬੇਟਾ ਇੱਥੇ ਹੀ ਹੈ। ਜਦੋਂ ਵੀ ਬਾਹਰ ਡਿਊਟੀ ’ਤੇ ਜਾਣ ਲੱਗਦੀ ਹਾਂ ਤਾਂ ਉਸ ਦੇ ਢੇਰ ਸਾਰੇ ਸੁਆਲ ਹੁੰਦੇ ਹਨ ਕਿ ਘਰ ਕਦੋਂ ਆਉਗੇ, ਮੇਰੇ ਨਾਲ ਗੱਲਾਂ ਕਦੋਂ ਕਰੋਗੇ, ਮੇਰੇ ਨਾਲ ਕਦੋਂ ਖੇਡੋਗੇ ਆਦਿ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨੌਕਰੀ ਬਿਨਾਂ ਸ਼ੱਕ ਚਣੌਤੀ ਭਰਪੂਰ ਸੇਵਾ ਹੈ ਜਿਸ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਬੜਾ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਅੱਜ ਇਨ੍ਹਾਂ ਮਾਂਵਾਂ ਦੀ ਵੱਡੀ ਸੇਵਾ ਨੂੰ ਸਨਮਾਨ ਦੇਣ ਲਈ ਇਹ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ 52 ਪੁਲਿਸ ਮਾਂਵਾਂ ਨੂੰ ‘ਮਦਰਜ਼ ਡੇ’ ਦੀ ਵਧਾਈ ਦੇ ਕਾਰਡ ਅਤੇ ਤੋਹਫ਼ੇ ਦਿੱਤੇ ਜਦਕਿ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਵਿਸ਼ੇਸ਼ ਮੌਕੇ ’ਤੇ ਸਨਮਾਨਿਆ। ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਨੇ ਸਮਾਗਮ ਦੇ ਆਯੋਜਨ ’ਚ ਵਿਸ਼ੇਸ਼ ਯੋਗਦਾਨ ਪਾਇਆ।