ਅਸ਼ੋਕ ਵਰਮਾ
ਬਠਿੰਡਾ, 9 ਮਈ 2020 - ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ, ਫੈਕਲਟੀ ਆਫ਼ ਸਾਇੰਸਜ਼ ਵੱਲੋਂ ਲਾਕਡਾਊਨ ਦੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਪ੍ਰੇਰਨਾ, ਵਿਕਾਸ ਅਤੇ ਭਵਿੱਖ ਦੇ ਕੈਰੀਅਰ ਦੀ ਯੋਜਨਾਬੰਦੀ ਲਈ ਉੱਘੇ ਮਾਹਿਰਾਂ ਅਤੇ ਵਿਦਿਆਰਥੀਆਂ ਦੇ ਇੰਟਰੈਕਸ਼ਨ ਸੈਸ਼ਨਾਂ (ਆਪਸੀ ਗੱਲਬਾਤ) ਦੀ ਲੜੀ ਤਹਿਤ ਬਾਇਓਟੈਕਨਾਲੋਜੀ ਵਿਭਾਗ ਵੱਲੋਂ ‘ਟੀ ਅਤੇ ਬੀ ਸੈੱਲਾਂ ਦੇ ਸੰਵੇਦਕ, ਉਨਾਂ ਦੀ ਕਿਰਿਆਸ਼ੀਲਤਾ ਅਤੇ ਕਾਰਜ: ਅਨੁਕੂਲ ਇਮਿਊਨਿਟੀ ਦੇ ਮੁੱਖ ਕਾਰਕ’ ਬਾਰੇ ਇੱਕ ਆਨਲਾਈਨ ਗੈੱਸਟ ਲੈਕਚਰ ਕਰਵਾਇਆ ਗਿਆ।
ਜਿਸ ਵਿੱਚ ਡਾ. ਮੋਨੀਸ਼ਾ ਧੀਮਾਨ , ਪੋ੍ਰਫੈਸਰ ਅਤੇ ਮੁਖੀ, ਮਾਈਕਰੋਬਾਇਓਲੋਜੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਨੇ ਮੁੱਖ ਬੁੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਮੋਨੀਸ਼ਾ ਧੀਮਾਨ ਦਾ ਰੇਡੀਏਸ਼ਨ ਅਤੇ ਕੈਂਸਰ ਬਾਇਓਲੋਜੀ, ਇਮਊਨੋਲੋਜੀ, ਰਿਸਰਚ ਮੈਥਡੋਲੋਜੀ ਅਤੇ ਬਾਇਓ ਸਾਇੰਸਜ਼, ਐਡਵਾਂਸਡ ਐਨੀਮਲ ਫਿਜ਼ੀਓਲੋਜੀ ਅਤੇ ਬਾਇਓ-ਸਿਸਟਮਮੈਟਿਕਸ ਦੇ ਰੁਝਾਨ ਅਤੇ ਮੋਲੀਕਿਊਲਰ ਮੈਡੀਸਨ ਵਿਚ ਸੰਕਲਪਾਂ ਅਤੇ ਸੰਭਾਵਨਾਵਾਂ ਬਾਰੇ ਵਿਸ਼ਾਲ ਤਜ਼ਰਬਾ ਹੈ।
ਇਸ ਭਾਸ਼ਣ ਵਿੱਚ ਬੀ.ਐਸ.ਸੀ. (ਆਨਰਜ਼ ਇਨ ਬਾਇਓਟੈਕਨਾਲੋਜੀ), ਬੀ.ਐਸ.ਸੀ.(ਮੈਡੀਕਲ) ਅਤੇ ਐਮ.ਐਸ.ਸੀ. (ਜੂਆਲੋਜੀ) ਦੇ 70 ਤੋਂ ਵਧੇਰੇ ਵਿਦਿਆਰਥੀਆਂ ਨੇ ਆਪਣੇ ਫੈਕਲਟੀ ਮੈਂਬਰਾਂ ਨਾਲ ਮਾਈਕਰੋਸਾਫ਼ਟ ਟੀਮਜ਼ ਦੁਆਰਾ ਆਡੀਓ, ਵੀਡੀਓ ਪੇਸ਼ਕਾਰੀ, ਲਾਈਵ ਵਿਚਾਰ ਵਟਾਂਦਰੇ ਅਤੇ ਸੁਆਲ ਜਵਾਬ ਦੇ ਸਿਲਸਿਲੇ ਰਾਹੀਂ ਆਨਲਾਈਨ ਭਾਗ ਲਿਆ। ਇਸ ਲੈਕਚਰ ਦੌਰਾਨ ਡਾ. ਧੀਮਾਨ ਨੇ ਐਂਟੀਜੇਨ ਪ੍ਰੋਸੈਸਿੰਗ ਅਤੇ ਪ੍ਰਸਤੁਤ ਮਾਰਗਾਂ, ਸੈੱਲਾਂ ਦੀ ਮਾਨਤਾ, ਢਾਂਚਾਗਤ ਵੇਰਵਿਆਂ ਦੇ ਨਾਲ ਸੰਵੇਦਕ ਦੀ ਭੂਮਿਕਾ ਅਤੇ ਲਿੰਫੋਸਾਈਟਸ ਦੇ ਕਿਰਿਆਸ਼ੀਲ ਹੋਣ ਦੀਆਂ ਕਾਰਜ ਪ੍ਰਣਾਲੀਆਂ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਲਾਗੂ ਵਿਗਿਆਨ ਲਈ ਇਮਊਨੋਲੋਜੀ ਦੇ ਆਧਾਰ ਬਾਰੇ ਗੱਲ ਕੀਤੀ।
ਉਨਾਂ ਨੇ ਕਿਹਾ ਕਿ ਲਿੰਫੋਸਾਈਟਸ ਮਨੁੱਖੀ ਸਰੀਰ ਦੇ ਮੁੱਖ ਸੈੱਲ ਹਨ ਜੋ ਟਿਊਮਰ ਸੰਕਰਮਿਤ ਸੈੱਲਾਂ, ਵਾਇਰਸ ਨਾਲ ਸੰਕਰਮਿਤ ਸੈੱਲਾਂ ਅਤੇ ਕਿਸੇ ਵਿਅਕਤੀਗਤ ਦੇ ਸਰੀਰ ਤੇ ਹਮਲਾ ਕਰਨ ਵਾਲੇ ਦੂਸਰੇ ਜਰਾਸੀਮਾਂ ਤੋਂ ਬਚਾਅ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਲਿੰਫੋਸਾਈਟਸ ਜਾਨਵਰਾਂ ਜਾਂ ਮਨੁੱਖਾਂ ਦੇ ਸਰੀਰ ਵਿਚ ਜੀਵਾਣੂਆਂ ਦੇ ਦਾਖਲ ਹੋਣ ਵਿਰੁੱਧ ਸੁਰੱਖਿਆ ਜਾਂ ਇਮਿਊਨਿਟੀ ਪ੍ਰਦਾਨ ਕਰਨ ਵਿਚ ਮਦਦ ਕਰਦੇ ਹਨ। ਸੈੱਲ ਦੀ ਸਮਰੱਥਾ ਨੂੰ ਵੱਖ-ਵੱਖ ਇਮਿਊਨੋਲੋਜੀਕਲ ਅਤੇ ਨਾਲ-ਨਾਲ ਮੋਲੀਕਿਊਲਰ ਤਕਨੀਕਾਂ ਨਾਲ ਮਾਪਿਆ ਜਾ ਸਕਦਾ ਹੈ।
ਅਖੀਰ ਵਿਚ ਚੰਗਾ ਵਿਚਾਰ ਵਟਾਂਦਰਾ ਹੋਇਆ ਅਤੇ ਪੁੱਛੇ ਗਏ ਕਈ ਪ੍ਰਸ਼ਨਾਂ ਦਾ ਮਾਹਿਰ ਨੇ ਤਸੱਲੀਬਖ਼ਸ਼ ਜਵਾਬ ਦੇ ਕੇ ਹਰ ਸ਼ੰਕਾ ਦਾ ਸਮਾਧਾਨ ਕੀਤਾ। ਇਹ ਭਾਸ਼ਣ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ਨੂੰ ਵੀ ਵਧਾਏਗਾ। ਇਸ ਭਾਸ਼ਣ ਦੁਆਰਾ ਵਿਦਿਆਰਥੀਆਂ ਦੇ ਨਾਲ-ਨਾਲ ਫੈਕਲਟੀ ਮੈਂਬਰਾਂ ਨੂੰ ਖੋਜ ਕਾਰਜਾਂ ਦੀ ਯੋਜਨਾ ਬਣਾਉਣ ਵਿਚ ਸਹਾਇਤਾ ਮਿਲੇਗੀ ਅਤੇ ਇਸ ਲਾਕਡਾਊਨ ਦੌਰਾਨ ਉਹ ਖੋਜ ਪ੍ਰਸਤਾਵ ਬਣਾਉਣ ਲਈ ਪ੍ਰੇਰਿਤ ਹੋਣਗੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪਰਦੀਪ ਕੌੜਾ ਨੇ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਕਰਵਾਉਣ ਲਈ ਬਾਇਓਟੈਕਨਾਲੋਜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।