ਅਸ਼ੋਕ ਵਰਮਾ
ਬਠਿੰਡਾ, 9 ਮਈ 2020 - ਕਿਰਤੀ ਕਿਸਾਨ ਯੂਨੀਅਨ ਨੇ ਝੋਨੇ ਦੀ ਲਵਾਈ ਲਈ ਮਜਦੂਰੀ ਤਹਿ ਕਰਨ ਵਾਲੇ ਮਤਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਲੇਬਰ ਦੀ ਸਮੱਸਿਆ ਜਿੰਨੀ ਪੇਸ਼ ਕੀਤੀ ਜਾ ਰਹੀ ਓੁਨੀ ਹੈ ਨਹੀ। ਬਾਕੀ ਖੇਤਰਾਂ ਚ ਕੰਮ ਬੰਦ ਪਿਆ ਜਾਂ ਨਾ ਮਾਤਰ ਹੈ। ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤਾਂ ਬਹੁਤ ਸਾਰੇ ਮਜਦੂਰਾਂ ਨੇ ਝੋਨਾ ਲਾਓੁਣ ਵਾਲੇ ਪਾਸੇ ਆਓੁਣਾ ਹੈ ਕਿਓਕਿ ਇਥੇ ਮਹੀਨੇ ਤੋਂ ਵੱਧ ਕੰਮ ਦੀ ਸੰਭਾਵਨਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮਤੇ ਪਾਓੁਣ ਦੀ ਥਾਂ ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਬਾਸਮਤੀ ਦੀਆਂ ਕਿਸਮਾਂ ਜਿਹਨਾਂ ਦੀ ਬਿਜਾਈ ਜੁਲਾਈ ਚ ਹੁੰਦੀ ਹੈ ਓੁਸ ਦਾ ਘੱਟੋ ਘੱਟ ਸਮਰਥਨ ਮੁੱਲ ਤਹਿ ਹੋਵੇ। ਉਨਾਂ ਦੱਸਿਆ ਕਿ ਇਸ ਨਾਲ ਤਿੰਨ ਫਾਇਦੇ ਹੋਣਗੇ ਪਹਿਲਾ ਜੁਲਾਈ ਚ ਲੱਗਣ ਵਾਲੀ ਬਾਸਮਤੀ ਨਾਲ ਧਰਤੀ ਵਾਲਾ ਪਾਣੀ ਬਹੁਤ ਮਾਤਰਾ ਚ ਬਚੇਗਾ, ਦੂਸਰਾ ਝੋਨੇ ਦੀ ਲਵਾਈ ਦਾ ਸੀਜਨ ਲੰਬਾ ਚੱਲੇਗਾ ਜਿਸ ਨਾਲ ਕੰਮ ਦਾ ਬੋਝ ਘਟ ਜਾਣਾ ਤੇ ਮਜਦੂਰਾਂ ਨੂੰ ਵੀ ਮਹੀਨਾਂ ਵੱਧ ਕੰਮ ਮਿਲ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀਆਂ ਬਦਲਵੀਆਂ ਫਸਲਾਂ ਜਿਵੇ ਮੱਕੀ ਵਗੈਰਾ ਦਾ ਘੱਟੋ ਘੱਟ ਸਮਰਥਨ ਮੁੱਲ ਤਹਿ ਹੋਣਾ ਚਾਹੀਦੀ ਹੈ।ਤਾਂ ਜੋ ਝੋਨੇ ਹੇਠ ਰਕਬਾ ਘਟੇ। ਝੋਨਾ ਪਹਿਲਾਂ ਹਵਾ,ਪਾਣੀ,ਮਿੱਟੀ ਨੂੰ ਜਹਿਰੀਲਾ ਕਰ ਰਿਹਾ ਹੈ। ਓੁਹਨਾਂ ਕਿਹਾ ਕਿ ਕਿਸਾਨਾਂ ਨੂੰ ਖੁਦ ਕਿਰਤ ਕਰਨ ਵਾਲੇ ਪਾਸੇ ਵੀ ਮੁੜਦਿਆਂ ਛੋਟੇ ਕਿਸਾਨਾਂ ਦੇ ਪਰਿਵਾਰਾਂ ਨੂੰ ਖੁਦ ਵੀ ਆਪਣਾ ਝੋਨਾ ਲਾਓੁਣਾ ਚਾਹੀਦਾ ਹੈ। ਉਨਾਂ ਆਖਿਆ ਕਿ ਆਪਣੀ ਕਿਰਤ ਖੁਦ ਕਰਨ ਚ ਕੋਈ ਦਿੱਕਤ ਨਹੀ ਹੋਣੀ ਚਾਹੀਦੀ ਤੇ ਜੇਕਰ ਮਤਾ ਪਾਓੁਣਾ ਤਾਂ ਮਤਾ ਪਾਓੁਣ ਵਾਲਿਆਂ ਨੂੰ ਇਹ ਮਤਾ ਪਾਓੁਣਾ ਚਾਹੀਦਾ ਕਿ ਜੋ ਵੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫਸਲ ਦੀ ਕੀਮਤ ਨਹੀ ਤਹਿ ਕਰਦੀ, ਓੁਸ ਦੇ ਕਿਸੇ ਵੀ ਨੇਤਾ ਤੇ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੂੰ ਪਿੰਡ ਨਹੀ ਵੜਨ ਦਿੱਤਾ ਜਾਵੇਗਾ ਅਤੇ ਕਿਸਾਲ ਟੈਕਸਾਂ ਦਾ ਬਾਇਕਾਟ ਕਰਨਗੇ। ਉਨਾਂ ਕਿਹਾ ਕਿ ਡੀਜਲ ਦੇ ਰੇਟ ਪਾਕਿਸਤਾਨ ਨੇ 41 ਰੂਪਏ ਘਟਾ ਦਿੱਤਾ ਜਦੋਂ ਕਿ ਭਾਰਤ ’ਚ ਹੋਰ ਵਧਾ ਦਿੱਤੇ ਹਨ।
ਕਿਸਾਨ ਆਗੂਆਂ ਨੇ ਕਿਹਾ ਕੇ ਕਿਸਾਨੀ ਦੀ ਹਾਲਤ ਬਹੁਤ ਮੰਦੀ ਹੈ। ਲੌਕਡਾਓੂਨ ਕਰਕੇ ਕਿਸਾਨਾਂ ਨੂੰ ਸਬਜੀਆਂ ਵਾਹੁੰਣੀਆ ਪਈਆ, ਦੁੱਧ ਦੇ ਰੇਟ ਡਿੱਗ ਪਏ,ਕਰਜੇ ਦੀ ਪੰਡ ਪਹਿਲਾਂ ਹੀ ਸਿਰਾਂ ਤੇ ਹੈ।ਇਸ ਸਭ ਲਈ ਮਜਦੂਰ ਨਹੀ ਸਰਕਾਰਾਂ ਜਿੰਮੇਵਾਰ ਹਨ। ਉਨ ਕਿਹਾ ਕਿ ਮਤੇ ਸਰਕਾਰਾਂ ਦੇ ਪਿੰਡਾਂ ਚ ਬੈਠਿਆਂ ਸਥਾਨਕ ਲੀਡਰਾਂ ਵੱਲੋਂ ਪਾਏ ਜਾ ਰਹੇ ਤਾਂ ਜੋ ਕਿਸਾਨੀ ਦਾ ਗੁੱਸਾ ਸਰਕਾਰਾਂ ਵਾਲੇ ਪਾਸੇ ਨਾ ਜਾ ਕੇ ਮਜਦੂਰਾਂ ਵੱਲ ਜਾਵੇ ਤੇ ਸਰਕਾਰ ਆਰਾਮ ਚ ਰਹੇ।ਓੁਹਨਾਂ ਕਿਹਾ ਕੇ ਝੋਨੇ ਦੀ ਲਵਾਈ ਦਾ ਰੇਟ ਕਿਸਾਨਾਂ ਮਜਦੂਰਾਂ ਵੱਲੋਂ ਆਪਸੀ ਸਹਿਮਤੀ ਨਾਲ ਤਹਿ ਹੋਣਾ ਚਾਹੀਦਾ ਹੈ।