ਅਸ਼ੋਕ ਵਰਮਾ
ਬਠਿੰਡਾ, 9 ਮਈ 2020 - ਬਲਾਕ ਸੰਗਤ ਦੇ ਤਿੰਨ ਖਰੀਦ ਕੇਂਦਰਾਂ ਘੁੱਦਾ, ਬਾਂਡੀ ’ਤੇ ਪਥਰਾਲਾ ਦਾ ਜਾਇਜਾ ਲੈ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਏ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਤੇ ਲਘੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇਲ ਕੀਮਤਾਂ ’ਚ ਵਾਧੇ ਅਤੇ ਕਣਕ ਦੀ ਕਵਾਲਟੀ ਨੂੰ ਲੈਕੇ ਭਾਅ ’ਚ ਕੀਤੀ ਕਟੌਤੀ ਦੇ ਵਿਰੋਧ ’ਚ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨਾਂਦੇੜ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦੇ ਮਾਮਲ ’ਚ ਅਕਾਲੀ ਦਲ ਨੂੰ ਕਟਹਿਰੇ ’ਚ ਖੜਾ ਕੀਤਾ। ਇਸ ਮੌਕੇ ਉਹ ਬਾਰਦਾਨੇ ਦੇ ਸੰਕਟ ਅਤੇ ਹੋਰ ਮੁੱਦਿਆਂ ਸਬੰਧੀ ਕੈਪਟਨ ਸਰਕਾਰ ਦਾ ਬਚਾਅ ਕਰਦੇ ਦਿਖਾਈ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਪੈਸੇ ਇਕੱਠ ਕਰਨ ਦੇ ਮਕਸਦ ਨਾਲ ਕਣਕ ’ਤੇ ਕੁਆਲਿਟੀ ਲਗਭਗ ਪੰਜ ਰੁਪਏ ਕੁਇੰਟਲ ਕੱਟ ਲਗਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਅੰਤਰ ਰਾਸ਼ਟਰੀ ਬਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਰਾਹਤ ਦੇਣ ਦੀ ਬਜਾਏ ਤੇਲ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਬਠਿੰਡਾ ਤੋਂ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਸਨ, ਇਸ ਲਈ ਉਹ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਬਠਿੰਡਾ ਦਿਹਾਤੀ ਦੇ ਖਰੀਦ ਕੇਂਦਰਾਂ ਦਾ ਦੌਰਾ ਕਰਨ ਆਏ ਹਨ। ਬਰਦਾਨੇ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਬਾਰਦਾਨਾ ਪੱਛਮੀ ਬੰਗਾਲ ’ਚੋਂ ਆਉਦਾ ਹੈ, ਕੋਰੋਨਾ ਮਹਾਂਮਾਰੀ ਕਾਰਨ ਫੈਕਟਰੀਆਂ ’ਚ ਬਾਰਦਾਨੇ ਦਾ ਉਤਪਾਦਨ ਘੱਟ ਗਿਆ ਅਤੇ ਆਵਾਜਾਈ ਵੀ ਬੰਦ ਹੋ ਗਈ ਜਿਸ ਕਾਰਨ ਕੁੱਝ ਦਿਨ ਕਿਸਾਨਾਂ ਨੂੰ ਸਮੱਸਿਆ ਆਈ ਸੀ।
ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ’ਚ ਸੂਬਾ ਸਰਕਾਰ ਵੱਲੋਂ ਬਣਾਏ ਸਿਸਟਮ ਦੀ ਕਿਸਾਨਾਂ ਵੱਲੋਂ ਬਹੁਤ ਸਲਾਘਾ ਕੀਤੀ ਗਈ, ਕਿਸਾਨ ਆਉਂਦੇ ਗਏ, ਕਣਕ ਤੁਲੀ ਗਈ ’ਤੇ 72 ਘੰਟਿਆਂ ’ਚ ਉਨ੍ਹਾਂ ਨੂੰ ਕੀਮਤ ਮਿਲਦੀ ਰਹੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜੋ ਕਿਹਾ ਸੀ ਉਸ ਨੂੰ ਪੂਰਾ ਕੀਤਾ ਗਿਆ ਹੈ। ਨਾਂਦੇੜ ਸਾਹਿਬ ਤੋਂ ਪੰਜਾਬ ਆਉਣ ਵਾਲੇ ਸ਼ਰਧਾਂਲੂਆਂ ਦੀ ਕੋਰੋਨਾ ਪਜ਼ੀਟਵ ਰਿਪੋਰਟ ਆਉਣ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਮਾੜੀ ਰਾਜਨੀਤੀ ਕਰਕੇ ਸਾਰਾ ਕਾਰਾ ਹੋਇਆ ਹੈ, ਇਸ ਦੇ ਬਾਵਜੂਦ ਵੀ ਕੈਪਟਨ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕਰਕੇ ਇੱਕ ਵੀ ਵਿਅਕਤੀ ਨੂੰ ਕੁੱਝ ਹੋਣ ਨਹੀਂ ਦਿੱਤਾ ਗਿਆ। ਇਸ ਮੌਕੇ ਹਰਵਿੰਦਰ ਲਾਡੀ, ਬਲਾਕ ਸੰਗਤ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਰਾਏ ਕੇ ਕਲਾਂ, ਹਰਦੀਪ ਮੁਹਾਲਾ, ਸਰਪੰਚ ਬਹਾਦਰ ਸਿੰਘ ਬਾਂਡੀ, ਜੀਤੀ ਬੱਲੂਆਣਾ, ਡਾ. ਦਵਿੰਦਰ ਸਿੰਘ ਦਿਓਣ, ਰਾਜ ਕੁਮਾਰ ਡੀਸੀ ਸੰਗਤ, ਪਿ੍ਰਤਪਾਲ ਕਾਕਾ ਘੁੱਦਾ, ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ, ਪੱਪੂ ਜੰਗੀਰਾਣਾ ਤੋਂ ਇਲਾਵਾ ਮਾਰਕਿਟ ਕਮੇਟੀ ਸੰਗਤ ਦੇ ਅਧਿਕਾਰੀ ਮੌਜੂਦ ਸਨ।