ਮੱਧਮ ਤੇ ਨਿਚਲੇ ਵਰਗ ਨੂੰ ਆਰਥਿਕ ਸਹਾਇਤਾ ਦੇਣ ਸਮੇਤ ਮਾਈਕ੍ਰੋ ਤੇ ਸਮਾਲ ਇੰਡਸਟਰੀ ਚਲਾਉਣ ਦੀ ਮੰਗ
ਨਵਾਂਸ਼ਹਿਰ, 10 ਮਈ 2020: ਕੋਰੋਨਾ ਮਹਾਂਮਾਈ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਧਾਇਕਾਂ, ਮੇਅਰ, ਬੋਰਡ ਤੇ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਸਮੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਜਮੀਨੀ ਪੱਧਰ ਦੇ ਹਾਲਾਤਾਂ ਬਾਰੇ ਵਿਚਾਰ ਜਾਣੇ।
ਜਿਨ੍ਹਾਂ ਤਾਲਾਬੰਦੀ ਕਾਰਨ ਉਦਯੋਗਾਂ 'ਤੇ ਪਏ ਅਸਰ ਦਾ ਜ਼ਿਕਰ ਕਰਦਿਆਂ, ਖਾਸ ਤੌਰ 'ਤੇ ਮਿਕਸਯੂਜ ਲੈਂਡ 'ਤੇ ਬਣੀ ਮਾਈਕ੍ਰੋ ਤੇ ਸਮਾਲ ਇੰਡਸਟਰੀ ਨੂੰ ਚਾਲੂ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਉਦਯੋਗ ਕਈ ਵੱਡੇ ਉਦਯੋਗਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸੇ ਤਰ੍ਹਾਂ, ਸਮਾਜ ਦੇ ਮੱਧਮ ਤੇ ਨਿਚਲੇ ਵਰਗ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ, ਕਿਉਂਕਿ ਤਾਲਾਬੰਦੀ ਕਾਰਨ ਕਾਰੋਬਾਰ ਤੇ ਹੋਰ ਧੰਦੇ ਬੰਦ ਹੋਣ ਕਾਰਨ ਲੋਕਾਂ ਦੀਆਂ ਜੇਬ੍ਹਾਂ 'ਚ ਪੈਸੇ ਨਹੀਂ ਹਨ। ਇਹ ਵਰਗ ਆਪਣੀਆਂ ਲੋੜਾਂ ਵਾਸਤੇ ਅਵਾਜ਼ ਨਹੀਂ ਚੁੱਕ ਸਕਦੇ। ਅਜਿਹੇ 'ਚ ਅਰਥ ਵਿਵਸਥਾ ਦਾ ਚੱਕਰ ਘੁੰਮਾਉਣ ਲਈ ਉਨ੍ਹਾਂ 'ਚ ਪਰਚੇਜਿੰਗ ਪਾਵਰ ਚਾਹੀਦੀ ਹੈ ਤੇ ਸਰਕਾਰ ਨੂੰ ਇਸ ਲਈ ਆਰਥਿਕ ਮਦੱਦ ਦੇਣੀ ਚਾਹੀਦੀ ਹੈ।
ਅੰਮ੍ਰਿਤਸਰ ਤੋਂ ਵਿਧਾਇਕ ਸੁਨੀਲ ਦੱਤੀ, ਦਸੂਹਾ ਤੋਂ ਅਰੂਨ ਡੋਗਰਾ ਤੇ ਪਟਿਆਲਾ ਤੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਜਿਸ ਤਰ੍ਹਾਂ ਨੀਤੀ ਬਦਲਾਅ ਦੀ ਲੋੜ ਮਹਿਸੂਸ ਹੁੰਦੀ ਹੈ, ਉਸ 'ਚ ਬਦਲਾਅ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਇਨ੍ਹਾਂ ਵਿਚਾਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਐੱਮ.ਪੀ ਤਿਵਾੜੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਭਾਵੇਂ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੋਵੇ ਜਾਂ ਫਿਰ ਪਾਰਟੀ ਅਗਵਾਈ, ਹਰ ਪੱਧਰ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਸਾਰੇ ਪੈਂਡਿੰਗ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲ ਚੁੱਕ ਕੇ ਹੱਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਹਾਲੇ ਰਹਿਣ ਵਾਲਾ ਹੈ ਤੇ ਸਾਨੂੰ ਸੋਸ਼ਲ ਡਿਸਟੈਂਸਿੰਗ ਸਮੇਤ ਹੋਰ ਸਰਕਾਰ ਹਦਾਇਤਾਂ ਦਾ ਪਾਲਣ ਕਰਦਿਆਂ ਆਪਣਾ ਤੇ ਦੂਜਿਆਂ ਦਾ ਬਚਾਅ ਕਰਨਾ ਪਵੇਗਾ, ਜਿਹੜਾ ਇਸ ਮਹਾਂਮਾਰੀ ਤੋਂ ਬੱਚਣ ਦਾ ਇੱਕੋਮਾਤਰ ਤਰੀਕਾ ਹੈ।
ਵੀਡੀਓ ਕਾਨਫਰੰਸ 'ਚ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡੇਵਲਪਮੇਂਟ ਬੋਰਡ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਅਲ ਡੇਵਲਪਮੇਂਟ ਬੋਰਡ, ਸਚਿਨ ਸ਼ਰਮਾ ਚੇਅਰਮੈਲ ਗਊ ਸੇਵਾ ਕਮਿਸ਼ਨ ਪੰਜਾਬ, ਸਤਬੀਰ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਨਵਾਂਸ਼ਹਿਰ, ਰਾਣਾ ਰੰਧਾਵਾ ਚੇਅਰਮੈਨ ਇੰਪਰੂਵਮੇਂਟ ਟਰੱਸਟ ਕਰਤਾਰਪੁਰ, ਰਿੰਪਲ ਮਿੱਢਾ ਮੈਂਬਰ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ, ਮਨਜੀਤ ਜਲਬੂਟੀ, ਜਸਵਿੰਦਰ ਰੰਧਾਵਾ, ਸੰਜੈ ਸ਼ਰਮਾ ਅੰਮ੍ਰਿਤਸਰ, ਧਰਮਿੰਦਰ ਰਾਣਾ, ਸੁਸ਼ੀਲ ਮਲਹੋਤਰਾ, ਰਵਿੰਦਰ ਸ਼ਰਮਾ, ਰੁਪਿੰਦਰ ਬਰਾੜ, ਮਨਜੀਤ ਹੰਬੜਾਂ, ਅਕਸ਼ੈ ਭਨੋਟ, ਗੁਰਵੀਰ ਸਿੰਘ ਰਾਜੂ, ਹਰਿੰਦਰ ਨੀਟਾ, ਅਮਨ ਸਲੈਚ ਵੀ ਸ਼ਾਮਿਲ ਰਹੇ।