ਹਰਿੰਦਰ ਨਿੱਕਾ
- ਵਾਰਿਸਾਂ ਦੀ ਤਲਾਸ਼ ਤੇ ਖੁਦਕਸ਼ੀ ਦੇ ਕਾਰਣਾਂ ਦੀ ਜਾਂਚ ਜਾਰੀ-ਏ.ਐਸ.ਆਈ. ਧਰਮਪਾਲ
ਬਰਨਾਲਾ, 10 ਮਈ 2020 - ਰਾਮਬਾਗ ਰੋਡ ਦੇ ਪਿਛਲੇ ਪਾਸੇ ਸੁਭਾਸ਼ ਦੀ ਆਟਾ ਚੱਕੀ ਤੇ 2 ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਨੌਕਰੀ ਕਰ ਰਹੇ ਮਜਦੂਰ ਨੇ ਸ਼ੱਕੀ ਹਾਲਤਾਂ 'ਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ਼ ਧਰਮਪਾਲ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਚੌਂਕੀ ਇੰਚਾਰਜ਼ ਧਰਮਪਾਲ ਸਿੰਘ ਨੇ ਦੱਸਿਆ ਕਿ ਉਤਰਾਖੰਡ ਪ੍ਰਦੇਸ਼ ਦੇ ਹਰਿਦੁਆਰ ਖੇਤਰ ਦਾ ਰਹਿਣ ਵਾਲਾ ਸੁਭਾਸ਼ ਕੁਮਾਰ ਪੁੱਤਰ ਨਾਮਾਲੂਮ ਕਰੀਬ 20-25 ਵਰ੍ਹਿਆਂ ਤੋਂ ਸੁਭਾਸ਼ ਕੁਮਾਰ ਚੱਕੀ ਵਾਲੇ ਕੋਲ ਨੌਕਰੀ ਕਰ ਰਿਹਾ ਸੀ। ਚੱਕੀ ਮਾਲਿਕਾਂ ਅਨੁਸਾਰ ਪਿਛਲੇ ਕਈ ਦਿਨ ਤੋਂ ਉਹ ਸ਼ਰਾਬ ਪੀਣ ਕਰਕੇ ਚੱਕੀ ਤੇ ਕੰਮ ਨਹੀਂ ਕਰ ਰਿਹਾ ਸੀ। ਜਦੋਂ ਕਿ ਉਸ ਦੀ ਰਿਹਾਇਸ਼ ਚੱਕੀ ਦੇ ਉੱਪਰ ਬਣੇ ਚੁਬਾਰੇ ਚ, ਹੀ ਸੀ। ਐਤਵਾਰ ਸਵੇਰੇ ਜਦੋਂ ਉਹ ਚੁਬਾਰੇ ਤੋਂ ਬਾਹਰ ਨਹੀਂ ਆਇਆ ਤਾਂ ਜਾ ਕੇ ਵੇਖਿਆ, ਉਹ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।
ਏ.ਐਸ.ਆਈ. ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੀ ਤਲਾਸ਼ ਕੀਤੀ ਜਾ ਰਹੀ ਹੇ ਅਤੇ ਲਾਸ਼ ਨੂੰ 72 ਘੰਟਿਆਂ ਲਈ ਮੌਰਚਰੀ ਚ, ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ, ਆਟਾ ਚੱਕੀ ਵਾਲਿਆਂ ਨੂੰ ਵੀ ਉਸ ਦੇ ਵਾਰਿਸਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਮੌਤ ਦੇ ਕਾਰਣਾਂ ਦੀ ਵੀ ਜਾਂਚ ਕਰ ਰਹੀ ਹੈ।