ਅਸ਼ੋਕ ਵਰਮਾ
ਮਾਨਸਾ, 10 ਮਈ 2020 - ਸਮਾਜਿਕ ਨਾ ਬਰਾਬਰੀ ਲਈ ਜ਼ਿੰਮੇਵਾਰ ਸੋਚ ਦੇ ਧਾਰਨੀ ਲੋਕ ਈ ਰਣਜੀਤ ਬਾਵੇ ਦੇ ਗਾਏ ਤੇ ਬੀਰ ਸਿੰਘ ਦੇ ਲਿਖੇ ਗੀਤ ‘ ਮੇਰਾ ਕੀ ਕਸੂਰ ਆ’, ਦਾ ਵਿਰੋਧ ਕਰ ਰਹੇ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ, ਸੁਖਚੈਨ ਸਿੰਘ ਮਾਨਸਾ, ਰੋਹਿਤ ਸਰਦੂਲਗੜ, ਪਰਮਿੰਦਰ ਮਿਊਂਦ, ਆਲ ਇੰਡੀਆ ਸਟੂਡੈਂਟਸ ਐਸੋਸੀਏਸਨ (ਆਇਸਾ) ਦੇ ਗੁਰਵਿੰਦਰ ਸਿੰਘ ਨੰਦਗੜ ਤੇ ਸਰਬਜੀਤ ਕੌਰ ਨੰਦਗੜ ਤੇ ਪੰਜਾਬ ਕਿਸਾਨ ਯੂਨੀਅਨ ਦੀ ਕਰਮਜੀਤ ਕੌਰ ਮਾਨਸਾ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਚ ਮੋਦੀ ਸਰਕਾਰ ਬਣਨ ਤੋਂ ਬਾਅਦ ਫਾਸ਼ੀਵਾਦੀ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਤਹਿਤ ਬਣਾਏ ਗਏ ਅਸ਼ਹਿਣਸ਼ੀਲਤਾ ਦੇ ਮਾਹੌਲ ਕਾਰਨ ਈ ਸਮਾਜਿਕ ਨਾ ਬਰਾਬਰੀ ਤੇ ਚੋਟ ਕਰਦੇ ਗੀਤ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਦੀਆਂ ਜੜਾਂ ਸਦੀਆਂ ਪਹਿਲਾਂ ਭਾਰਤ ਵਾਸੀਆਂ ਤੇ ਥੋਪੀ ਗਈ ਵਰਣ ਵਿਵਸਥਾ ਤੇ ਜਾਤ ਪ੍ਰਥਾ 'ਚ ਛੁਪੀਆਂ ਹੋਈਆਂ ਹਨ।
ਉਨਾਂ ਕਿਹਾ ਭਾਰਤੀ ਹਾਕਮਾਂ ਵੱਲੋਂ ਧਾਰਾ 295ਏ ਤਹਿਤ ਅਗਾਂਹਵਧੂ ਵਿਚਾਰਾਂ ਦਾ ਧਰਮ ਦੀ ਆੜ ਚ ਗਲ ਘੁੱਟਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਵਿਦਿਆਰਥੀ ਨੌਜਵਾਨ ਆਗੂਆਂ ਨੇ ਕਿਹਾ ਕਿ ਨਵੇਂ ਵਿਚਾਰਾਂ ਤੇ ਪੁਰਾਣੇ ਵਿਚਾਰਾਂ ਦੀ ਟੱਕਰ ਵੀ ਨਵੇਂ ਸਮਾਜ ਦੀ ਸਿਰਜਣਾ ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਅਗਾਂਹਵਧੂ ਵਿਚਾਰਾਂ ਗੀਤਾਂ ਦਾ ਸਮਰਥਨ ਅਤੇ ਸਥਾਪਿਤੀ ਦੇ ਰੂੜੀਵਾਦੀ ਵਿਚਾਰਾਂ ਦਾ ਵਿਰੋਧ ਕਰਦਿਆਂ ਰਣਜੀਤ ਬਾਵਾ ਅਤੇ ਬੀਰ ਸਿੰਘ ਤੇ ਦਰਜ ਪਰਚਾ ਰੱਦ ਕਰਨ ਅਤੇ ਲੁਧਿਆਣਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਭੜਕਾਊ ਬਿਆਨਬਾਜੀ ਕਰਨ ਵਾਲੇ ਆਗੂ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।