ਅਸ਼ੋਕ ਵਰਮਾ
ਬਠਿੰਡਾ, 10 ਮਈ 2020 - ਬਿਹਾਰ ਤੋਂ 40 ਵਰ੍ਹੇ ਪਹਿਲਾਂ ਭਰ ਜੁਆਨੀ ’ਚ ਮਜਦੂਰੀ ਲਈ ਆਉਣ ਵਾਲੇ ਰਮੇਸ਼ਰ ਯਾਦਵ ਦੀ ਇੱਛਾ ਸੀ ਕਿ ਉਸ ਦਾ ਆਖਰੀ ਸਾਹ ਪੰਜਾਬ ਦੀ ਧਰਤੀ ਤੇ ਨਿਕਲੇ। ਹੋਰਨਾਂ ਪਰਵਾਸੀ ਮਜਦੂਰਾਂ ਦੀ ਤਰ੍ਹਾਂ ਰਮੇਸ਼ਰ ਨੇ 15 ਸਾਲ ਦੀ ਉਮਰ ‘ਚ ਮਜਦੂਰੀ ਸ਼ੁਰੂ ਕੀਤੀ। ਇਸ ਵਾਰ ਵੀ ਉਹ ਘਰ ਤੋਂ ਇਸ ਆਸ ਨਾਲ ਆਇਆ ਸੀ ਕਿ ਕਮਾਈ ਕਰਨ ਉਪਰੰਤ ਮਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਏਗਾ। ਚੰਦਰੇ ਕੋਰੋਨਾ ਵਾਇਰਸ ਨੇ ਉਸ ਦੀ ਜੇਬ ਤਾਂ ਖਾਲੀ ਕੀਤੀ ਬਲਕਿ ਮਾਂ ਦੇ ਇਲਾਜ ਤੇ ਵੀ ਪ੍ਰਸ਼ਨ ਚਿੰਨ ਲਾ ਦਿੱਤਾ ਹੈ। ਰਮੇਸ਼ਰ ਯਾਦਵ ਅੱਜ ਮਾਂ-ਦਿਵਸ ਵਾਲੇ ਦਿਨ ਘਰ ਮੁੜਿਆ ਹੈ। ਉਸ ਨੂੰ ਘਰ ਮੁੜਨ ਦੀ ਖੁਸ਼ੀ ਵੀ ਸੀ ਤੇ ਪ੍ਰੀਵਾਰ ਪਾਲਣ ਦਾ ਝੋਰਾ ਵੀ ਵੱਢ ਵੱਢ ਖਾ ਰਿਹਾ ਸੀ। ਰਮੇਸ਼ਵਰ ਯਾਦਵ ਵਰਗੇ ਦਰਜਨਾਂ ਮਜਦੂਰ ਘਰਾਂ ਨੂੰ ਪਰਤੇ ਹਨ ਜਿੰਨਾਂ ਦੀਆਂ ਜੇਬਾਂ ਖਾਲੀ ਅਤੇ ਸਿਰ ਤੇ ਫਿਕਰਾਂ ਦੀ ਪੰਡ ਟਿਕੀ ਹੋਈ ਸੀ। ਇਹ ਮਜਦੂਰ ਹਰ ਸਾਲ ਝੋਨਾ ਲਾਉਣ ਅਤੇ ਮਜਦੂਰੀ ਦੇ ਹੋਰ ਕੰਮ ਕਰਨ ਲਈ ਆਉਂਦੇ ਸਨ। ਇਸ ਕਮਾਈ ਦੇ ਸਿਰ ਤੋਂ ਉਨਾਂ ਦਾ ਘਰ ਚੱਲਦਾ ਸੀ ਜੋ ਹੁਣ ਸੰਕਟ ’ਚ ਆ ਗਿਆ ਹੈੇ।
ਰਮੇਸ਼ਵਰ ਯਾਦਵ ਆਖਦਾ ਹੈ ਕਿ ਪੰਜਾਬ ਨੇ ਉਸ ਨੂੰ ਪੱਕਾ ਘਰ ਦਿੱਤਾ, ਬੱਚੇ ਵਿਆਹੇ ਸਨ ਪਰ ਅੱਜ ਉਸ ਦਾ ਮਨ ਡਾਢਾ ਉਦਾਸ ਹੈ। ਉਸ ਨੇ ਆਖਿਆ ਕਿ ਜਿਨਾਂ ਪਿੰਡਾਂ ’ਚ ਉਹ ਕੰਮ ਕਰਦਾ ਰਿਹਾ ਹੈ ਉਹ ਉਸ ਨੂੰ ਆਪਣੇ ਜਾਪਣ ਲੱਗੇ ਸਨ ਤੇ ਬਿਹਾਰ ਸਿਰਫ ਰੈਣ ਬਸੇਰਾ। ਭਰੇ ਮਨ ਨਾਲ ਉਸ ਨੇ ਕਿਹਾ ਕਿ ਜਿੱਧਰ ਕਿਸਮਤ ਲੈ ਚੱਲੀ ਹੈ, ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਪਤਾ ਨਹੀਂ ਹੁ ਜਿਉਂਦੇ ਜੀਅ ਪੰੰਜਾਬ ’ਚ ਪੈਰ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ।
ਬਿਹਾਰ ਦੇ ਮੁਜੱਫਰਪੁਰ ਜਿਲੇ ਤੋਂ ਪੰਜਾਬ ’ਚ ਮਜਦੂਰੀ ਲਈ ਆਇਆ ਰਾਮ ਨਰੇਸ਼ ਇੱਥੇ ਸਬਜੀ ਵੇਚਦਾ ਸੀ ਅਤੇ ਰਾਤ ਨੂੰ ਚੌਕੀਂਦਾਰ ਵਜੋਂ ਡਿਊਟੀ ਕਰਦਾ । ਝੋਨੇ ਦੀ ਲੁਆਈ ਕਰਨ ਮਗਰੋਂ ਪਿੰਡ ਗੇੜਾ ਮਾਰਨਾ ਸਿਰਫ ਰਸਮ ਜਿਹੀ ਬਣ ਗਿਆ ਸੀ ਪਰ ਉਸ ਦਾ ਘਰ ਦਿਲ ਨਹੀਂ ਲੱਗਦਾ ਸੀ। ਰਾਮ ਨਰੇਸ਼ ਨੇ ਦੱਸਿਆ ਕਿ ਉਸ ਦਾ ਪਿਤਾ ਸਾਲ 1980 ’ਚ ਪਹਿਲੀ ਵਾਰ ਝੋਨਾ ਲਾਉਣ ਲੲਂ ਆਇਆ ਸੀ। ਜਦੋਂ ਪੰਜਾਬ ਵਿੱਚ ਕਾਲੀ ਹਨੇਰੀ ਵਗੀ ਤਾਂ ਉਸ ਦੇ ਸਾਥੀ ਮਜਦੂਰਾਂ ਨੇ ਪੰਜਾਬ ਛੱਡਣ ਦਾ ਫੈਸਲਾ ਕਰ ਲਿਆ ਪਰ ਉਸ ਨੂੰ ਪੰਜਾਬੀਆਂ ਦੇ ਮੋਹ ਨੇ ਪੈਰ ਨਾ ਪੱਟਣ ਦਿੱਤੇ ਸਨ। ਉਸ ਨੇ ਦੱਸਿਆ ਕਿ ਪਿਤਾ ਵੱਲੋਂ ਕੀਤੀ ਸਖਤ ਮਿਹਨਤ ਕਾਰਨ ਦਿਨ ਬਦਲੇ ਅਤੇ ਉਨਾਂ ਦਾ ਪਿੰਡ ਆਪਣਾ ਪੱਕਾ ਮਕਾਨ ਹੈ । ਉਸ ਨੇ ਆਖਿਆ ਕਿ ਪਿਤਾ ਦੇ ਸਦਾ ਲਈ ਚਲੇ ਜਾਣ ਮਗਰੋਂ ਉਸ ਨੇ ਵੀ ਪੰਜਾਬ ਨੂੰ ਕਰਮ ਭੂਮੀ ਬਣਾਇਆ ਅਤੇ ਪ੍ਰੀਵਾਰ ਨੂੰ ਚੰਗੀ ਜਿੰਦਗੀ ਦਿੱਤੀ।
ਗਮ ’ਚ ਡੁੱਬੇ ਰਾਮ ਨਰੇਸ਼ ਨੇ ਕਿਹਾ ਕਿ ਜੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਅੱਜ ਉਨਾਂ ਨੇ ਦੁਖੀ ਹੋਣਾ ਸੀ। ਉਸ ਨੇ ਕਿਹਾ ਕਿ ਪੰਜਾਬ ਚੋਂ ਏਦਾਂ ਰੁਖਸਤ ਹੋਣਾ ਪਵੇਗਾ ਕਦੇ ਸੋਚਿਆ ਵੀ ਨਹੀਂ ਸੀ। ਰਾਮ ਨੇਰਸ਼ ਆਖਦਾ ਹੈ ਕਿ ਇੱਥੋਂ ਦੀ ਮਿੱਟੀ ਚੋਂ ਤਕਦੀਰ ਤਲਾਸ਼ਣ ਆਏ ਬਿਹਾਰੀ ਦੇ ਘਰ ਰੰਗ ਭਾਗ ਲੱਗਿਆ ਸ਼ਾਇਦ ਕੁਦਰਤ ਨੂੰ ਚੰਗਾ ਨਹੀਂ ਲੱਗਿਆ।
ਇਸ ਸਿਰਫ ਦੋ ਮਿਸਾਲਾਂ ਹਨ ਅੱਜ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ 1388 ਪ੍ਰਵਾਸੀਆਂ ਨੂੰ ਲੈ ਕੇ ਬਠਿੰਡਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਮੁਜੱਫਰਪੁਰ (ਬਿਹਾਰ) ਲਈ ਰਵਾਨਾ ਹੋਈ ਜਿੰਨਾਂ ਦੇ ਚਿਹਰਿਆਂ ਤੇ ਘਰ ਪਰਤਣ ਦੀ ਖੁਸ਼ੀ ਅਤੇ ਪੰੰਜਾਬ ਛੱਡਣ ਦਾ ਦੁੱਖ ਸਾਫ ਝਲਕ ਰਿਹਾ ਸੀ। ਅੱਜ ਹੀ ਸ਼ਾਮ ਨੂੰ 1188 ਯਾਤਰੀ ਲੈਕੇ ਇੱਕ ਹੋਰ ਗੱਡੀ ਝਾਰਖੰਡ ਰਵਾਨਾ ਹੋ ਰਹੀ ਹੈ। ਪ੍ਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਕੋਈ ਕੰਮ ਨਾਂ ਮਿਲਿਆ ਤਾਂ ਉਹ ਮਜਬੂਰੀ ਵੱਸ ਘਰਾਂ ਨੂੰ ਚੱਲੇ ਹਨ। ਉਨਾਂ ਆਖਿਆ ਕਿ ਸਮਾਜਿਕ ਲੋਕਾਂ ਨੇ ਉਨਾਂ ਨੂੰ ਭੁੱਖੇ ਤਾਂ ਨਹੀਂ ਸੌਣ ਦਿੱਤਾ ਪਰ ਉਹ ਵੀ ਕਿੰਨੇ ਕੁ ਦਿਨ ਬੈਠਿਆਂ ਨੂੰ ਖੁਆ ਸਕਦੇ ਹਨ।
ਮੁਰਝਾਏ ਚਿਹਰਿਆਂ ਨਾਲ ਘਰਾਂ ਵੱਲ ਜਾ ਰਹੇ ਇਨਾਂ ਮਜ਼ਦੂਰਾਂ ਵੱਲੋਂ ਕੀਤੀ ਕਮਾਈ ਖਤਮ ਹੋ ਚੁੱਕੀ ਹੈ। ਉਨਾਂ ਆਖਿਆ ਕਿ ਪੰਜਾਬ ’ਚ ਹੁੰਦਿਆਂ ਉਨਾਂ ਨੂੰ ਫਿਕਰ ਨਹੀਂ ਸੀ ਪਰ ਕਰੋਨਾ ਵਾਇਰਸ ਨੇ ਉਨਾਂ ਨੂੰ ਮੁੜ ਬੇਰੁਜਗਾਰ ਕਰ ਦਿੱਤਾ ਹੈ। ਮਜਦੂਰਾਂ ਨੇ ਕਿਸਾਨਾਂ ਦੇ ਖੇਤਾਂ ਅਤੇ ਪ੍ਰੀਵਾਰਾਂ ਦੀ ਸੁੱਖ ਵੀ ਮੰਗੀ ਅਤੇ ਵਾਪਿਸੀ ਦੀ ਦੁਆ ਵੀ ਕੀਤੀ ਹੈ। ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਦੀ ਦੇਖਰੇਖ ਹੇਠ ਸਾਰੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ।
ਰਾਜਾ ਵੜਿੰਗ ਨੇ ਵਿਦਾ ਕੀਤੇ ਪ੍ਰਵਾਸੀ ਮਜਦੂਰ
‘ਸ਼੍ਰਮਿਕ ਐਕਸਪ੍ਰੈਸ’ ਨੂੰ ਰਵਾਨਾ ਕਰਨ ਲਈ ਪੁੱਜੇ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਉਨਾਂ ਦੇ ਰੇਲ ਕਿਰਾਏ ਦਾ ਸਾਰਾ ਭਾਰ ਚੁੱਕਿਆ ਹੈ। ਉਨਾਂ ਕਿਹਾ ਕਿ ਗੱਡੀ ਵਿਚ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਵੀ ਮੁਹਈਆ ਕਰਵਾਇਆ ਗਿਆ ਹੈ। ਉਨਾਂ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਸਮੇਂ ਵਿਚ ਪੰਜਾਬ ਵਿਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।