ਅਸ਼ੋਕ ਵਰਮਾ
ਮਾਨਸਾ, 10 ਮਈ 2020 - ਕੋਵਿਡ-19 ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਕਾਰਨ ਜ਼ਿਲੇ ਵਿਚ ਫਸੇ 47 ਪ੍ਰਵਾਸੀ ਮਜ਼ਦੂਰਾਂ ਨੂੰ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਤੋਂ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ। ਇਸ ਪ੍ਰਕਿਰਿਆ ਲਈ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਵੀ ਮੌਜੂਦ ਸਨ।
ਸਹਾਇਕ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 47 ਪ੍ਰਵਾਸੀ ਮਜ਼ਦੂਰ ਜੋ ਕਿ ਝਾਰਖੰਡ ਦੇ ਰਹਿਣ ਵਾਲੇ ਸਨ, ਉਨਾਂ ਨੂੰ ਦੋ ਪੀ.ਆਰ.ਟੀ.ਸੀ ਬੱਸਾਂ ਰਾਹੀਂ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਤੋਂ ਰਵਾਨਾ ਕੀਤਾ ਗਿਆ ਹੈ। ਇਨਾਂ ਮਜ਼ਦੂਰਾਂ ਵਿਚ 17 ਵਿਅਕਤੀ ਸਰਦੂਲਗੜ ਅਤੇ 30 ਵਿਅਕਤੀ ਮਾਨਸਾ ਤੋਂ ਸਨ। ਉਨਾਂ ਦੱਸਿਆ ਕਿ ਉਕਤ ਸਾਰੇ ਵਿਅਕਤੀਆਂ ਦੁਆਰਾ ਆਨਲਾਈਨ ਰਜਿਸਟਰੇਸ਼ਨ ਕਰਵਾਈ ਗਈ ਸੀ ਜੋ ਕਿ ਵਾਪਸ ਆਪਣੇ ਘਰ ਜਾਣ ਦੇ ਇੱਛੁੱਕ ਸਨ। ਇਨਾਂ ਨੂੰ ਇਕ ਥਾਂ ਤੇ ਇਕੱਠਾ ਕਰਕੇ ਅਤੇ ਜਿੰਨਾਂ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਨਹੀਂ ਹੋਈ ਸੀ ਉਨਾਂ ਦਾ ਚੈੱਕਅਪ ਕਰਕੇ ਉਨਾਂ ਨੂੰ ਬਠਿੰਡਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਭੇਜੇ ਗਏ ਸਾਰੇ ਵਿਅਕਤੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਠਿੰਡਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਇਨਾਂ ਵਿਅਕਤੀਆਂ ਦੀ ਦੇਖਰੇਖ ਅਤੇ ਇਨਾਂ ਨੂੰ ਬਠਿੰਡਾ ਤੋਂ ਰੇਲ ਰਾਹੀਂ ਝਾਰਖੰਡ ਲਈ ਰਵਾਨਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬਠਿੰਡਾ ਤੋਂ 5 ਵਜੇ ਜਾ ਰਹੀ ਰੇਲ ਦੁਆਰਾ ਇਨਾਂ ਵਿਅਕਤੀਆਂ ਨੂੰ ਉਨਾਂ ਦੇ ਨਿਵਾਸ ਝਾਰਖੰਡ ਲਈ ਰਵਾਨਾ ਕੀਤਾ ਜਾਵੇਗਾ। ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਇਸ ਮੌਕੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਉਨਾਂ ਨੂੰ ਉਨਾਂ ਦੇ ਘਰ ਪਹੁੰਚਾਉਣ ਲਈ ਕੀਤੇ ਗਏ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲਦਾਰ ਅਮਰਜੀਤ ਸਿੰਘ , ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਮਾਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।