ਅਸ਼ੋਕ ਵਰਮਾ
- ਦੂਜੀ ’ਸ਼੍ਰਮਿਕ ਐਕਸਪ੍ਰੈਸ’ 1188 ਪ੍ਰਵਾਸੀ ਕਾਮੇ ਲੈ ਕੇ ਰਵਾਨਾ
ਬਠਿੰਡਾ, 10 ਮਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਕਾਮਿਆਂ ਦੀ ਇੱਛਾ ਅਨੁਸਾਰ ਉਨਾਂ ਨੂੰ ਘਰ ਭੇਜਣ ਦੀ ਕੀਤੀ ਜਾ ਰਹੀ ਵਿਵਸਥਾ ਦੀ ਲੜੀ ਤਹਿਤ ਅੱਜ ਸਾਮ ਬਠਿੰਡਾ ਤੋਂ ਦੂਜੀ ’ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਝਾਰਖੰਡ ਲਈ ਰਵਾਨਾ ਹੋਈ। ਇਹ ਗੱਡੀ ਨੰਬਰ 04518 ਝਾਰਖੰਡ ਰਾਜ ਦੇ ਡਾਲਟੇਨ ਗੰਜ ਸਟੇਸ਼ਨ ਤੱਕ ਜਾਵੇਗੀ। ਇਸ ਵਿਚ ਬਠਿੰਡਾ ਅਤੇ ਮਾਲਵੇ ਦੇ ਹੋਰ ਜਿਲਿਆਂ ਨਾਲ ਸਬੰਧਤ 1188 ਪ੍ਰਵਾਸੀ ਕਾਮੇ ਆਪਣੇ ਘਰਾਂ ਨੂੰ ਪਰਤੇ। ਜਦੋਂ ਇਸ ਗੱਡੀ ਨੂੰ ਗਾਰਡ ਨੇ ਝੰਡੀ ਦੇ ਕੇ ਰਵਾਨਾ ਕੀਤਾ ਤਾਂ ਗੱਡੀ ਵਿਚ ਸਵਾਰ ਕਾਮਿਆਂ ਨੇ ਹੱਥ ਹਿਲਾਂ ਕੇ ਪੰਜਾਬ ਸਰਕਾਰ ਦੇ ਅਮਲੇ ਦਾ ਘਰ ਭੇਜਣ ਲਈ ਉੱਤਮ ਵਿਵਸਥਾ ਕਰਨ ਲਈ ਧੰਨਵਾਦ ਕੀਤਾ ਅਤੇ ਅੰਦਰੋਂ ਅਵਾਜਾਂ ਆਈਆਂ-‘ ਥੈਂਕ ਯੂ ਭਈਆ’।
ਇਸ ਗੱਡੀ ਦੇ ਯਾਤਰੀਆਂ ਦਾ ਕਿਰਾਇਆ ਅਦਾ ਕਰਨ ਲਈ ਪੰਜਾਬ ਸਰਕਾਰ ਨੇ 7.12 ਲੱਖ ਰੁਪਏ ਖਰਚ ਕੀਤੇ ਹਨ। ਸਟੇਸ਼ਨ ਤੇ ਸਾਰੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇੱਥੇ ਜਿਲਾ ਪ੍ਰਸਾਸਨ ਵੱਲੋਂ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਦੀ ਅਗਵਾਈ ਵਿਚ ਸਭ ਦੇ ਸਹਿਯੋਗ ਨਾਲ ਇੰਨਾਂ ਨੂੰ ਲੰਗਰ ਵੀ ਮੁਹਈਆ ਕਰਵਾਇਆ ਗਿਆ ਅਤੇ ਪੀਣ ਦਾ ਪਾਣੀ ਦੀਆਂ ਬੋਤਲਾਂ ਵੀ ਦਿੱਤੀਆਂ ਗਈਆਂ ਹਨ ਤਾਂ ਜ਼ੋ ਰਾਸਤੇ ਵਿਚ ਇੰਨਾਂ ਨੂੰ ਕੋਈ ਦਿੱਕਤ ਨਾ ਆਵੇ।
ਝਾਰਖੰਡ ਲਈ ਆਪਣੇ ਘਰਾਂ ਲਈ ਪਰਤ ਰਹੇ ਇੰਨਾਂ ਕਾਮਿਆਂ ਨੇ ਇਸ ਮੌਕੇ ਮੁਫਤ ਸਫਰ, ਖਾਣ ਪੀਣ ਦੀ ਵਿਵਸਥਾ ਅਤੇ ਵੱਖ ਵੱਖ ਜਿਲਿਆਂ ਤੋਂ ਬਠਿੰਡਾ ਸਟੇਸ਼ਨ ਤੱਕ ਸਰਕਾਰੀ ਬੱਸਾਂ ਰਾਹੀਂ ਮੁਫਤ ਲੈ ਕੇ ਆਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਗੱਡੀ ਵਿਚ ਪ੍ਰਵਾਸੀ ਕਾਮਿਆਂ ਨੂੰ ਸਵਾਰ ਕਰਨ ਤੋਂ ਪਹਿਲਾਂ ਗੱਡੀ ਸੈਨੇਟਾਈਜ ਕੀਤੀ ਗਈ ਅਤੇ ਯਾਤਰੀਆਂ ਦਾ ਮੈਡੀਕਲ ਟੈਸਟ ਵੀ ਕਰਵਾ ਕੇ ਭੇਜਿਆ ਗਿਆ ਹੈ।