ਅਸ਼ੋਕ ਵਰਮਾ
ਬਠਿੰਡਾ, 10 ਮਈ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜਿਲਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ ਕਲਾਂ ਦੀ ਪ੍ਰਧਾਨਗੀ ਹੇਠ ਭਾਈਰੂਪੇ ਵਿਖੇ ਹੋਈ ਜਿਸ ਵਿੱਚ ਜਿਲਾ ਆਗੂ ਸੁਖਦੇਵ ਸਿੰਘ ਢਪਾਲੀ, ਇੰਦਰਜੀਤ ਜਲਾਲ, ਗੁਰਾ ਸਿੰਘ ਗੁੰਮਟੀ ਤੋਂ ਇਲਾਵਾ ਗੁਰਨਾਮ ਸਿੰਘ ਮਹਿਰਾਜ, ਮਲਕੀਤ ਸਿੰਘ ਭਾਈਰੂਪਾ, ਸੁਖਦੇਵ ਸਿੰਘ ਭਾਈਰੂਪਾ, ਆਤਮਾ ਸਿੰਘ ਭਾਈਰੂਪਾ, ਸੋਮਨਾਥ ਮਲੂਕਾ, ਰਤਨ ਚੰਦ ਅਕਲੀਆ, ਨੋਟਾ ਸਿੰਘ ਨੰਬਰਦਾਰ ਭੋਡੀਪੁਰਾ, ਮੰਦਰ ਸਿੰਘ ,ਗੁਰਤੇਜ ਸਿੰਘ ਗੁੰਮਟੀ, ਮੱਖਣ ਗੁੰਮਟੀ, ਗੁਰਟੇਕ ਸਿੰਘ ਢਪਾਲੀ ਆਦਿ ਆਗੂਆਂ ਨੇ ਹਿੱਸਾ ਲਿਆ।
ਆਗੂਆਂ ਨੇ ਦੱਸਿਆ ਕਿ ਕਿਸਾਨੀ ਕਰਜ਼ੇ ਉਪਰ ਲਕੀਰ ਮਾਰਨ ਅਤੇ ਫਸਲਾਂ ਦੇ ਭਾਅ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ 16 ਮਈ ਨੂੰ ਕਿਸਾਨ ਵੱਖ ਵੱਖ ਥਾਂਵਾਂ ਤੇ ਰੋਸ ਪ੍ਰਦਰਸਨ ਕਰਨਗੇ । ਉਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਪਿੰਡ ਇਕਾਈਆਂ ਦੀ ਚੋਣ ਦਾ ਕੰਮ ਤੇਜ ਅਤੇ ਹਾੜੀ ਦਾ ਫੰਡ ਇਕੱਠਾ ਕੀਤਾ ਜਾਵੇਗਾ।
ਆਗੂਆਂ ਨੇ ਸਰਕਾਰ ਤੋਂ ਕਣਕ ਦੇ ਭਾਵ ਵਿੱਚੋਂ ਪੈਸੇ ਕੱਟਣ ਵਾਲਾ ਫਰਮਾਨ ਵਾਪਸ ਲੈਣ, ਖੇਤ ਨੂੰ ਇਕਾਈ ਮੰਨ ਕੇ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਫਸਲ ਦਾ ਪੂਰਾ ਮੁਆਵਜਾ ਦੇਣ, ਕਣਕ ਦੇ ਨਾੜ ਨੂੰ ਜਮੀਨ ਵਿੱਚ ਰਲਾਉਣ ਵਾਸਤੇ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਨਹਿਰੀ ਅਤੇ ਬਿਜਲੀ ਪਾਣੀ ਦਾ ਪ੍ਰਬੰਧ ਕਰਨ , ਲਾਕਡਾਉਨ ਅਤੇ ਲੇਬਰ ਦੀ ਸਮੱਸਿਆ ਨੂੰ ਦੇਖਦਿਆਂ ਝੋਨੇ ਦੀ ਲਵਾਈ ਦੀ ਤਰੀਕ ਦੀ ਪਾਬੰਦੀ ਹਟਾਉਣ, ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨਾਂ ਲਈ ਬੀਜ ਅਤੇ ਖੇਤੀਬਾੜੀ ਸੰਦ ਸਬਸਿਡੀ ਉੱਪਰ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।