ਅਸ਼ੋਕ ਵਰਮਾ
- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨਵੀਂ ਸੂਚੀ
ਮਾਨਸਾ, 12 ਮਈ 2020 - ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਾਅ ਨੂੰ ਰੋਕਣ ਲਈ ਜ਼ਿਲੇ ਅੰਦਰ ਲਾਏ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਵੱਲੋਂ ਜ਼ਿਲੇ ਵਿਚ ਵੱਖ-ਵੱਖ ਦੁਕਾਨਾਂ ਖੋਲ੍ਹਣ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੱਪੜਾ (ਥੋਕ ਤੇ ਪਰਚੂਨ) ਰੇਡੀਮੇਡ ਕੱਪੜਾ ਅਤੇ ਟੇਲਰ ਦੀਆਂ ਦੁਕਾਨਾਂ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਖੋਲ੍ਹੀਆਂ ਜਾ ਸਕਣਗੀਆਂ। ਇਸੇ ਤਰਾਂ ਇਲੈਕਟ੍ਰਾਨਿਕਸ (ਕੰਪਿਊਟਰ,ਲੈਪਟਾਪ,ਮੋਬਾਇਲ,ਘੜੀਆਂ,ਏ.ਸੀ.,ਕੂਲਰ), ਇਲੈਕਟ੍ਰੀਕਲ (ਬਿਜਲੀ ਦੀਆਂ ਦੁਕਾਨਾਂ, ਇਨਵਰਟਰ ਬੈਟਰੀ ਅਤੇ ਇਨਵਰਟਰ ਅਤੇ ਰਿਪੇਅਰ ਦੀਆਂ ਦੁਕਾਨਾਂ, ਕੰਪਿਊਟਰ ਦੇ ਨਵੇਂ ਸਾਮਾਨ, ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਮੋਬਾਇਲ ਸੇਲ,ਰਿਪੇਅਰ,ਰਿਚਾਰਜ ਦੀਆਂ ਦੁਕਾਨਾਂ) ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲ੍ਹਣਗੀਆਂ।
ਹਲਵਾਈ/ਚਾਹ, ਜੂਸ, ਬੇਕਰੀ, ਕਨਫੈਕਸ਼ਨਰੀ/ ਆਈਸਕਰੀਮ ਪਾਰਲਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲ੍ਹੇ ਰਹਿਣਗੇ ਪ੍ਰੰਤੂ ਦੁਕਾਨਾਂ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਲੱਕੜ ਦੇ ਆਰੇ/ਘੁਮਿਆਰ/ਬਾਂਸ ਬਾਹੀਆਂ ਦੀਆਂ ਦੁਕਾਨਾਂ/ਕਬਾੜ ਦੀਆਂ ਦੁਕਾਨਾਂ/ ਕਣਕ ਦੇ ਢੋਲ ਦੀਆਂ ਦੁਕਾਨਾਂ, ਲਲਾਰੀ (ਚੁੰਨੀਆਂ ਪੱਗਾਂ ਆਦਿ ਨੂੰ ਰੰਗਣ ਵਾਲੇ) ਜੁੱਤੀਆਂ ਦੀਆਂ ਦੁਕਾਨਾਂ, ਮੋਚੀ (ਜੁੱਤੀਆਂ ਦੀ ਮੁਰੰਮਤ ਕਰਨ ਵਾਲੇ) ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹ ਸਕਣਗੇ। ਉਨਾਂ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਅਤੇ ਕਿਤਾਬਾਂ- ਸਟੇਸ਼ਨਰੀ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਵਾਰ ਵਾਲੇ ਦਿਨ ਹੀ ਖੁੱਲ੍ਹੀਆਂ ਰਹਿਣਗੀਆਂ।