ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਣ ਮੌਕੇ
ਯਾਤਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
ਫ਼ਤਹਿਗੜ੍ਹ ਸਾਹਿਬ, 13 ਮਈ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਮੁਫ਼ਤ ਭੇਜਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਸਰਹਿੰਦ ਰੇਲਵੇ ਸਟੇਸ਼ਨ ਤੋਂ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ 930 ਪ੍ਰਵਾਸੀਆਂ ਨੂੰ ਲੈ ਕੇ ਮਨੀਪੁਰ ਲਈ ਰਵਾਨਾ ਹੋਈ। ਪ੍ਰਵਾਸੀਆਂ ਨੂੰ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਭੇਜਣ ਦੇ ਖ਼ਰਚੇ ਵਜੋਂ ਪੰਜਾਬ ਸਰਕਾਰ ਕਰੀਬ 11 ਲੱਖ ਰੁਪਏ ਖਰਚ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਤੈਅ ਪ੍ਰਕਿਰਿਆ ਤਹਿਤ ਰਜਿਸਟਰੇਸ਼ਨ ਉਪਰੰਤ ਮੈਡੀਕਲ ਸਕਰੀਨਿੰਗ ਮੁਕੰਮਲ ਹੋਣ 'ਤੇ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਨੂੰ ਭੇਜਿਆ ਗਿਆ ਹੈ ਤੇ ਕਿਸੇ ਵੀ ਯਾਤਰੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਯਤਾਰੀਆਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 18 ਜ਼ਿਲਿਆਂ ਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਪੰਚਕੂਲਾ ( ਹਰਿਆਣਾ) ਤੋਂ ਮਨੀਪੁਰ ਜਾਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿਥੋਂ ਇਹ ਯਾਤਰੀ ਆਪਣੇ ਜੱਦੀ ਸੂਬੇ ਲਈ ਰਵਾਨਾ ਹੋਏ।
ਵਿਸ਼ੇਸ਼ ਰੇਲ ਗੱਡੀ ਰਾਹੀਂ ਮਨੀਪੁਰ ਜਾਣ ਲਈ ਰੇਲਵੇ ਸਟੇਸ਼ਨ ਸਰਹਿੰਦ ਪੁੱਜੇ ਯਾਤਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਮਾਜਕ ਦੂਰੀ ਸਮੇਤ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ। ਇਸ ਮੌਕੇ ਯਾਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਾਪਸੀ ਲਈ ਜੋ ਉਪਰਾਲਾ ਕੀਤਾ ਹੈ, ਉਹ ਉਸ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ, ਐਸ.ਪੀ. (ਡੀ) ਹਰਪਾਲ ਸਿੰਘ, ਐਸ ਪੀ ਕੰਵਲਪ੍ਰੀਤ ਸਿੰਘ ਚਾਹਲ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ.ਖਮਾਣੋਂ ਪਰਮਜੀਤ ਸਿੰਘ, ਐਸ.ਡੀ.ਐਮ. ਬਸੀ ਪਠਾਣਾਂ ਪਵਿੱਤਰ ਸਿੰਘ,ਸਹਾਇਕ ਕਮਿਸ਼ਨਰ ਜਨਰਲ ਜਸਪ੍ਰੀਤ ਸਿੰਘ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਡੀ.ਐਸ.ਪੀ. ਮਨਜੋਤ ਕੌਰ, ਤਹਿਸਲੀਦਾਰ ਗੁਰਜਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸਰਹਿੰਦ ਰੇਲਵੇ ਸਟੇਸ਼ਨ ਵਿਖੇ ਮਨੀਪੁਰ ਨੂੰ ਜਾਣ ਵਾਲੀ ਵਿਸ਼ੇਸ਼ ਰੇਲ ਗੱਡੀ ਵਿੱਚ ਸਵਾਰ ਹੁੰਦੇ ਹੋਏ ਯਾਤਰੀ