ਅਸ਼ੋਕ ਵਰਮਾ
ਮਾਨਸਾ, 14 ਮਈ 2020 - ਮਾਨਸਾ ਪੁਲਿਸ ਦੇ ਏਐਸਆਈ ਯਾਦਵਿੰਦਰ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਅੱਜ ਇੱਕ ਵਿਅਕਤੀ ਦਾ ਗੁੰਮਿਆ ਹੋਇਆ ਪਰਸ ਵਾਪਿਸ ਕੀਤਾ। ਥਾਣੇਦਾਰ ਯਾਦਵਿੰਦਰ ਸਿੰਘ ਇੰਨੀਂ ਦਿਨੀ ਬੁਢਲਾਡਾ ਵਿਖੇ ਤਾਇਨਾਤ ਹੈ। ਵੇਰਵਿਆਂ ਅਨੁਸਾਰ ਜਨਤਾ ਮਾਰਕੀਟ ਬੁਢਲਾਡਾ ਵਿਖੇ ਰਾਹਗੀਰ ਰਾਜਵਿੰਦਰ ਸਿੰਘ ਵਾਰਡ ਨੰਬਰ 19 ਵਾਸੀ ਬੁਢਲਾਡਾ ਦਾ ਪਰਸ ਡਿਗ ਪਿਆ ਜਿਸ ਵਿਚ 14 ਹਜਾਰ ਦੇ ਕਰੀਬ ਨਕਦ ਰਾਸ਼ੀ ਸੀ।
ਇਹ ਪਰਸ ਏ ਐਸ ਆਈ ਯਾਦਵਿਦਰ ਸਿੰਘ ਜੋ ਮਾਰਕੀਟ ਵਿਚ ਡਿਊਟੀ ਦੇ ਰਿਹਾ ਸੀ ਨੂੰ ਮਿਲ ਗਿਆ। ਯਾਦਵਿੰਦਰ ਸਿੰਘ ਨੇ ਕੋਸ਼ਿਸ ਕਰਕੇ ਪਰਸ ਦੇ ਮਾਲਕ ਨੂੰ ਤਲਾਸ਼ ਲਿਆ। ਇਸ ਮੌਕੇ ਏਐਸਆਈ ਨੇ ਜਨਤਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਰਾਮ ਸੇਵਾ ਸੰਮਤੀ ਦੇ ਮੈਂਬਰਾਂ ਦੀ ਮੌਜ਼ੂਦਗੀ 'ਚ ਉਸ ਦਾ ਬਟੂਆ ਵਾਪਸ ਕਰ ਦਿੱਤਾ। ਜਿਸ ਦੀ ਮੌਕੇ 'ਤੇ ਹਾਜਰ ਲੋਕਾਂ ਨੇ ਸ਼ਲਾਘਾ ਕੀਤੀ ਹੈ।
ਇਸ ਮੌਕੇ ਯਾਦਵਿੰਦਰ ਸਿੰਘ ਵੱਲੋਂ ਦਿਖਾਈ ਇਮਾਨਦਾਰੀ ਤੋਂ ਖੁਸ਼ ਹੋਏ ਦੁਕਾਨਦਾਰਾਂ ਨੇ ਏਐਸਆਈ ਯਾਦਵਿੰਦਰ ਸਿੰਘ ਤੇ ਹੋਰ ਪੁਲਿਸ ਕਰਮਚਾਰੀਆਂ ਤੇ ਫੁੱਲਾਂ ਦੀ ਵਰਖਾ ਕੀਤੀ। ਪਰਸ ਮਾਲਕ ਨੇ ਪੁਲਿਸ ਅਧਿਕਾਰੀ ਅਤੇ ਉਸ ਦੇ ਸਾਥੀ ਪੁਲਿਸ ਮੁਲਾਜਮਾਂ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਏਐਸਆਈ ਯਾਦਵਿੰਦਰ ਸਿੰਘ ਵੱਲੋਂ ਪਹਿਲਾਂ ਵੀ ਗਰੀਬ ਪ੍ਰੀਵਾਰਾਂ ਦੀ ਰਾਸ਼ਨ ਆਦਿ ਨਾਲ ਸਹਾਇਤਾ ਕੀਤੀ ਗਈ ਹੈ। ਉਸ ਨੇ ਪਿੰਡ ਰੱਲਾ ’ਚ ਇੱਕ ਮਜਦੂਰ ਪ੍ਰੀਵਾਰ ਦੀ ਬੱਚੀ ਨੂੰ ਉਸ ਦੇ ਜਨਮ ਦਿਨ ਮੌਕੇ ਕੇਕ ਭੇਂਟ ਕਰਕੇ ਬੱਚੀ ਨੂੰ ਜਨਮ ਦਿਨ ਮੁਬਾਰਕ ਵੀ ਆਖਿਆ ਸੀ।