ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਨਿਰੰਕਾਰੀ ਮਿਸ਼ਨ ਦੇ ਚੌਥੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ “ਸਮਰਪਨ ਦਿਵਸ’’ ਮੌਕੇ ਖੂਨਦਾਨ ਕੈਂਪ ਲਾਇਆ ਜਿਸ ’ਚ 50 ਯੂਨਿਟ ਖੂਨ ਦਾਨ ਕੀਤਾ ਗਿਆ।ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਨੇ ਸਿਵਲ ਸਰਜਨ ਅਤੇ ਜ਼ਿਲਾ ਰੈਡ ਕਰਾਸ ਬਠਿੰਡਾ ਨੂੰ 50 ਪੀ.ਪੀ.ਈ ਕਿੱਟਾਂ ਵੀ ਦਿੱਤੀਆ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ. ਦੁੱਗਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਖੂਨਦਾਨੀਆਂ ਦਾ ਟੈਂਪਰੇਚਰ ਚੈਕ ਕੀਤਾ ਗਿਆ, ਹੈਂਡ ਸੈਨੇਟਾਇਜੇਸ਼ਨ ਕੀਤੇ ਅਤੇ ਮੈਡੀਕਲ ਟੀਮ ਵਲੋਂ ਖੂਨਦਾਨੀਆਂ ਦੀ ਮੈਡੀਕਲ ਜਾਂਚ ਵੀ ਕੀਤੀ। ਖੂਨਦਾਨੀਆ ਨੇ ਆਪਣੇ ਮੂੰਹ ’ਤੇ ਮਾਸਕ ਲਗਾਏ ਹੋਏ ਸਨ ਅਤੇ ਸੋੋਸਲ ਡਿਸਟੈਂਸਿੰਗ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਗਈਆ। ਸ਼੍ਰੀ ਦੁੱਗਲ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਜੀ ਦੇ ਵਿਚਾਰਧਾਰਾ ਅਨੁਸਾਰ “ਖੂਨ ਨਾਲੀਆਂ ਵਿਚ ਨਹੀਂ ਬਲਕਿ ਇਨਸਾਨ ਦੀਆਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ’’, ’’ਮਾਨਵ ਕੋ ਮਾਨਵ ਪਿਆਰਾ, ਇਕ ਦੂਜੇ ਕਾ ਬਣੇ ਸਹਾਰਾ’’। ਬਾਬਾ ਹਰਦੇਵ ਸਿੰਘ ਜੀ ਨੇ 1986 ਵਿਚ ਖੁਦ ਆਪ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਸੀ।
ਇਸ ਖੂਨਦਾਨ ਕੈਂਪ ਵਿਚ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੇ ਇਨਚਾਰਜ ਡਾ. ਕਰਿਸ਼ਮਾ ਗੋਇਲ ਦੀ ਅਗਵਾਈ ਵਿਚ ਉਨਾਂ ਦੀ ਸਹਿਯੋਗੀ ਟੀਮ ਦੇ ਮੈਂਬਰ ਬਲਦੇਵ ਸਿੰਘ ਰੋਮਾਣਾ, ਜਗਦੀਪ ਸਿੰਘ, ਨਵਜੋਤ ਕੋਰ ਅਤੇ ਮਨਪ੍ਰੀਤ ਸਿੰਘ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਖੂਨਦਾਨੀਆਂ ਨੂੰ ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਮੋਕੇ ’ਤੇ ਸਰਟੀਫਿਕੇਟ ਵੀ ਦਿੱਤੇ ਗਏ। ਖੂਨਦਾਨੀਆ ਨੂੰ ਉਤਸ਼ਾਹਿਤ ਕਰਨ ਲਈ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ, ਡਾ. ਕੁੰਦਨ ਪਾਲ ਸਹਾਇਕ ਸਿਵਲ ਸਰਜਨ, ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਦਰਸ਼ਨ ਕੁਮਾਰ ਬਾਂਸਲ, ਫਸਟ ਏਡ ਟਰੇਨਰ ਨਰੇਸ਼ ਪਠਾਨੀਆ ਅਤੇ ਰੈਡ ਕਰਾਸ ਵਲੰਟੀਅਰ ਵਿਜੈ ਭੱਟ ਵੀ ਸ਼ਾਮਲ ਹੋਏ।
ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਜ਼ੋਨ ਬਠਿੰਡਾ ਦੀ ਬਰਨਾਲਾ ਬਰਾਂਚ ਨੇ ਵੀ ਬਲੱਡ ਬੈਂਕ ਬਰਨਾਲਾ ਨੂੰ 50 ਪੀ.ਪੀ.ਈ ਕਿੱਟਾਂ ਦਿੱਤੀਆਂ ਹਨ ਅਤੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ 70 ਯੂਨਿਟ ਖੂਨਦਾਨ ਕੀਤਾ ਹੈ।ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਵੱਲੋ ਸਿਵਲ ਸਰਜਨ ਬਠਿੰਡਾਾ, ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ, ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਅਤੇ ਉਨਾਂ ਦੇ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ।