ਮਨਿੰਦਰਜੀਤ ਸਿੱਧੂ
ਜੈਤੋ, 14 ਮਈ 2020 - ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਜ਼ਹੀਨ ਅਧਿਆਪਕਾ ਡਾ. ਇੰਦਰਪ੍ਰੀਤ ਸੰਧੂ ਵੱਲੋਂ ਕਈ ਵੀਡੀਓਜ਼ ਕੋਵਿਡ-19 ਦੇ ਸੰਕਟ ਦੇ ਦੌਰ ਵਿਚੋਂ ਲੋਕਾਂ ਦੇ ਮਾਨਸਿਕ ਤੌਰ ’ਤੇ ਮਜ਼ਬੂਤ ਹੋ ਕੇ ਬਾਹਰ ਨਿਕਲਣ ਦੇ ਮਕਸਦ ਨਾਲ ਰਿਲੀਜ਼ ਕੀਤੀਆਂ ਗਈਆਂ ਹਨ। ਪ੍ਰੰਤੂ ਬੀਤੇ ਦਿਨੀ ਉਨਾਂ ਦੀ ‘ਪੇਰੈਂਟਿੰਗ ਸਟਾਇਲਜ਼’ ਦੇ ਸਿਰਲੇਖ ਹੇਠ ਰਿਲੀਜ਼ ਹੋਈ ਤਾਜ਼ਾ ਵੀਡੀਓ ਖ਼ੂਬ ਚਰਚਾ ਵਿਚ ਹੈ।
ਡਾ. ਤੱਗੜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ (ਬਾਹਰਲੇ ਕੇਂਦਰ) ਡਾ. ਪੁਸ਼ਪਿੰਦਰ ਸਿੰਘ ਗਿੱਲ ਦੇ ਹਵਾਲੇ ਨਾਲ ਦੱਸਿਆ ਕਿ ਇਸ ਵੀਡੀਓ ਵਿਚ ਡਾ. ਇੰਦਰਪ੍ਰੀਤ ਸੰਧੂ ਵੱਲੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਬਦਲ ਰਹੇ ਭੂਗੋਲਿਕ ਸਭਿਆਚਾਰ ਦੀ ਨਿਸ਼ਾਨਦੇਹੀ ਕਰਦਿਆਂ ਬੱਚਿਆਂ ਦੇ ਪਾਲਣ-ਪੋਸ਼ਣ ਸਬੰਧੀ ਵੱਖ-ਵੱਖ ਤਰੀਕਿਆਂ ਬਾਰੇ ਵਿਵਰਣ ਪੇਸ਼ ਕੀਤਾ ਗਿਆ ਹੈ ਅਤੇ ਇਕ ਮਨੋਵਿਗਿਆਨੀ ਦੇ ਤੌਰ ’ਤੇ ਸੁਝਾਇਆ ਗਿਆ ਹੈ ਕਿ ਵਿਸ਼ਵੀਕਰਨ ਦੇ ਦੌਰ ਵਿਚ ਮਾਪੇ ਆਪਣੇ ਬੱਚਿਆਂ ਨਾਲ ਕਿਸ ਤਰਾਂ ਦਾ ਵਰਤਾਓ ਕਰਨ।
ਕਰੋਨਾ ਸੰਕਟ ਦੇ ਦੌਰ ਵਿਚ ਲਾਕਡਾਊਨ ਦੌਰਾਨ ਬਹੁਤ ਸਾਰੇ ਪਰਵਾਰਾਂ ਵਿਚ ਪੈਦਾ ਹੋਈ ਪਰਵਾਰਕ ਅਸਹਿਣਸ਼ੀਲਤਾ ਦੇ ਮੱਦੇਨਜ਼ਰ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ। ਡਾ. ਬੀ. ਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਸੰਕਟਕਾਲੀਨ ਸਮੇਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਅੰਦਰ ਮਾਨਸਿਕ ਦਿ੍ਰੜਤਾ ਬਰਕਰਾਰ ਰੱਖਣ ਸਬੰਧੀ ਵਿਚਾਰ ਦਾ ਹਵਾਲਾ ਦਿੰਦਿਆਂ ਡਾ. ਤੱਗੜ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਤਿਆਰ ਕਰਨ ਦਾ ਮਕਸਦ ਉਤਸ਼ਾਹ ਅਤੇ ਪਰੇਰਨਾ ਦਾ ਮਾਹੌਲ ਸਿਰਜਣਾ ਹੈ। ਇਨਾਂ ਵੀਡੀਓਜ਼ ਨੂੰ ਦੇਖਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈੱਬਸਾਈਟ ’ਤੇ ‘ਐਡਮਿਸ਼ਨਜ਼ 2020 ਐਕਸਟਰਲ ਸੈਂਟਰਜ਼’ ਪੋਰਟਲ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ।