ਹਰਿੰਦਰ ਨਿੱਕਾ
- ਚੁੰਗਲ ਚੋਂ ਨਿੱਕਲਣਾ ਚਾਹਿਆ ਤਾਂ ਦੋਸ਼ੀ ਨੇ ਅਸ਼ਲੀਲ ਫੋਟੋਆਂ ਕੀਤੀਆ ਵਾਇਰਲ
ਬਰਨਾਲਾ, 14 ਮਈ 2020 - ਥਾਣਾ ਧਨੌਲਾ ਦੇ ਪਿੰਡ ਫਤਿਹਗੜ੍ਹ ਛੰਨਾ ਦੀ ਰਹਿਣ ਵਾਲੀ ਕਰੀਬ 16 ਕੁ ਵਰ੍ਹਿਆਂ ਦੀ 10+2 ਦੀ ਸਟੂਡੈਂਟ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਪੀੜਤਾ ਨੇ ਉਸ ਦੇ ਨਾਲ ਜਾਣ ਤੋਂ ਨਾਂਹ ਕਰਕੇ ਚੁੰਗਲ ਵਿੱਚੋਂ ਨਿੱਕਲਣਾ ਚਾਹਿਆ ਤਾਂ ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਆਪਣੇ ਦੋਸਤਾਂ ਦੇ ਗਰੁੱਪਾਂ ਚ, ਵਾਇਰਲ ਕਰ ਦਿੱਤੀਆਂ। ਪੁਲਿਸ ਨੇ ਦੋਸ਼ੀ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ।
ਇੰਸਪੈਕਟਰ ਜਸਵਿੰਦਰ ਕੌਰ ਨੂੰ ਦਿੱਤੇ ਬਿਆਨ ਚ, 10+2 ਦੀ ਸਟੂਡੈਂਟ ਨੇ ਦੱਸਿਅ ਕਿ ਉਹ ਦਸਵੀਂ ਕਲਾਸ ਤੋਂ ਬਾਅਦ ਹੰਡਿਆਇਆ ਪਿੰਡ 'ਚ ਟਿਉਸ਼ਨ ਪੜ੍ਹਨ ਲਈ ਜਾਂਦੀ ਸੀ। ਉਦੋਂ ਉਸਦੇ ਗੁਆਂਢੀ ਪਿੰਡ ਭੈਣੀ ਜੱਸਾ ਦਾ ਹੀ ਨੌਜਵਾਨ ਅਰਸ਼ਦੀਪ ਸਿੰਘ ਰਾਸਤੇ ਵਿੱਚ ਉਸਦਾ ਪਿੱਛਾ ਕਰਦਾ ਰਹਿੰਦਾ ਸੀ। ਮੁਲਜ਼ਮ ਨੇ ਪੀੜਤਾ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ- ਫੁਸਲਾ ਲਿਆ ਅਤੇ ਕਿਸੇ ਅਣਜਾਣੀ ਥਾਂ ਤੇ ਲਿਜਾ ਕੇ ਉਸ ਦੀ ਮਰਜੀ ਤੋਂ ਬਿਨਾਂ ਨਜਾਇਜ਼ ਸਬੰਧ ਵੀ ਬਣਾਏ। ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਮੋਬਾਇਲ ਚ, ਖਿੱਚ ਲਈਆਂ ਅਤੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਦੇਵੇਗਾ।
ਹੁਣ ਜਦੋਂ ਉਸ ਨੇ ਮੁਲਜ਼ਮ ਨਾਲ ਜਾਣ ਤੋਂ ਜੁਆਬ ਦੇ ਦਿੱਤਾ ਅਤੇ ਉਸ ਦੇ ਚੁੰਗਲ ਚੋਂ ਨਿੱਕਲਣਾ ਚਾਹਿਆ ਤਾਂ 2 ਮਈ ਨੂੰ ਮੁਲਜ਼ਮ ਨੇ ਉਸ ਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਦਿੱਤੀਆਂ। ਮਾਮਲੇ ਦੀ ਤਫਤੀਸ਼ ਅਧਿਕਾਰੀ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਅਧਾਰ ਤੇ ਮੁਲਜ਼ਮ ਅਰਸ਼ਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 376/506 ਆਈਪੀਸੀ ਅਤੇ 3 / 4 POSCO ACT , 67 A IT ACT ਦੇ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਦਿੱਤਾ ਹੈ। ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।