ਪਰਵਿੰਦਰ ਸਿੰਘ ਕੰਧਾਰੀ
- ਹਰ ਸ਼ੁੱਕਰਵਾਰ ਡਰਾਈ ਡੇਅ ਮਨਾਉਣ ਸਬੰਧੀ ਕੀਤਾ ਜਾਗਰੂਕ
ਫਰੀਦਕੋਟ, 15 ਮਈ, 2020 - ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ ਵੱਲੋਂ ਵੱਖ-ਵੱਖ ਸਿਹਤ ਸਹੂਲਤਾਂ ਅਤੇ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਭਿਆਨਕ ਰੋਗਾਂ ਦੀ ਰੋਕਥਾਮ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਉਣ ਲਈ ਮਾਸ ਮੀਡੀਆ ਵਿੰਗ ਵੱਲੋਂ ਵੱਖ-ਵੱਖ ਜਾਗਰੂਕਤਾ ਸਮਾਗਮ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸੇ ਹੀ ਲੜੀ ਤਹਿਤ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਡੇਂਗੂ ਦਿਵਸ ਪਿੰਡ ਚੰਦਾਬਾਜਾ ਵਿਖੇ ਮਨਾਇਆ ਗਿਆ।ਇਸ ਮੌਕੇ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਵਿਸ਼ੇਸ਼ ਸਿਰਕਤ ਕੀਤੀ ਅਤੇ ਆਸ਼ਾ ਦੇ ਸਰਵੇ ਦੋਰਾਨ ਪਿੰਡ ਨਿਵਾਸੀਆਂ ਨੂੰ ਡੇਂਗੂ ਮੱਛਰ ਦੀ ਪੈਦਾਇਸ਼,ਜੀਵਨ ਚੱਕਰ ਅਤੇ ਵਾਇਰਸ ਫੈਲਾਉਣ ਤੱਕ ਦਾ ਸਫਰ ਅਤੇ ਬਚਾਅ-ਰੋਕਥਾਮ ਦੇ ਨੁਕਤੇ ਸਾਂਝੇ ਕੀਤੇ ਤਾਂ ਜੋ ਹਾਜ਼ਰੀਨ ਡੇਂਗੂ ਬੁਖਾਰ ਤੋਂ ਭਲੀਭਾਂਤ ਜਾਣੂ ਹੋ ਸਕਣ ਅਤੇ ਇਸ ਦੀ ਰੋਕਥਾਮ ਲਈ ਵਿਭਾਗ ਦਾ ਸਾਥ ਦੇ ਸਕਣ।ਉਨਾਂ ਕਿਹਾ ਕਿ ਡੇਂਗੂ ਦੇ ਸ਼ੱਕੀ ਮਰੀਜਾਂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿੱਲਕੁਲ ਮੁਫਤ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਵੱਜੋਂ ਮਨਾਇਆ ਜਾਵੇ ਅਤੇ ਹਫਤੇ ਵਿੱਚ ਇੱਕ ਵਾਰ ਕੂਲਰਾਂ ਦਾ ਪਾਣੀ, ਫਰਿੱਜਾਂ ਦੀਆਂ ਟਰੇਆਂ ਦਾ ਪਾਣੀ, ਹੌਦੀਆਂ ਦਾ ਪਾਣੀ ਬਦਲ ਸਫਾਈ ਰੱਖੀ ਜਾਵੇ।ਉਨਾਂ ਅਪੀਲ ਕੀਤੀ ਕਿ ਛੱਤਾਂ ਉਪਰ ਕਿਸੇ ਵੀ ਕਿਸਮ ਦਾ ਕਬਾੜ ਜਾਂ ਟਾਇਰ ਆਦਿ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਅਤੇ ਛੱਤਾਂ ਤੇ ਪਈਆਂ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਬਚਾਅ ਲਈ ਖੜੇ ਪਾਣੀ ਦੇ ਸੋਮਿਆਂ ਤੇ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।ਐਸ.ਆਈ ਅਜੀਤਪਾਲ ਸਿੰਘ ਨੇ ਪਿੰਡ ਵਾਸੀਆਂ ਅਤੇ ਸਰਪੰਚ ਅਤੇ ਖੁਸ਼ਹਾਲੀ ਦੇ ਰਾਖੇ ਕੈਪਟਨ ਦਿਲਬਾਗ ਸਿੰਘ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਅੰਤ ਵਿਚ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਅਤੇ ਤਕਸੀਮ ਵੀ ਕੀਤੀ ਗਈ। ਇਸ ਮੋਕੇ ਸੀ.ਐਚ.ਓ ਵੀਰਪਾਲ ਕੌਰ,ਮਲਟੀ ਪਰਪਜ਼ ਹੈਲਥ ਵਰਕਰ ਸੁਖਜਿੰਦਰ ਸਿੰਘ,ਏ.ਐਨ.ਐਮ ਤਲਵਿੰਦਰ ਕੌਰ,ਪਿੰਡ ਵਾਸੀ ਦਵਿੰਦਰਪਾਲ ਸਿੰਘ ਗਰੇਵਾਲ,ਸੰਨੀ ਬਰਾੜ,ਤੌਲਾ ਸਿੰਘ ਪੁਰਬਾ,ਲਾਡੀ ਬੁੱਟਰ ਅਤੇ ਰਾਜਾ ਗਿੱਲ ਵੀ ਹਾਜਰ ਸਨ। ਸਿਮਰਜੀਤ ਆਸ਼ਾ ਵਰਕਰ ਨੇ ਕੋਵਿਡ-19 ਤਹਿਤ ਕੀਤੇ ਜਾ ਰਹੇ ਸਰਵੇ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।