ਅਸ਼ੋਕ ਵਰਮਾ
ਮਾਨਸਾ, 15 ਮਈ 2020 - ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਦੇ ਕਈ ਪ੍ਰਵਾਸੀਆਂ ਨੂੰ ਉਨ੍ਹਾਂ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦੀ ਲੜੀ ਤਹਿਤ ਅੱਜ ਯੁ.ਪੀ. ਦੇ ਅਯੋਧਿਆ, ਅੰਬੇਦਕਰ ਨਗਰ, ਬਾਰਾਬੰਕੀ, ਸੁਲਤਾਨਪੁਰ ਅਤੇ ਅਮੇਠੀ ਜ਼ਿਲਿ੍ਹਆਂ ਦੇ 100 ਪ੍ਰਵਾਸੀਆਂ ਅਤੇ ਗੋਰਖਪੁਰ, ਦੇਵਰਿਆ, ਮਹਾਰਾਜਗੰਜ ਅਤੇ ਕੁਸ਼ੀਨਗਰ ਦੇ 71 ਪ੍ਰਵਾਸੀਆਂ ਨੂੰ ਮਾਨਸਾ ਤੋਂ ਫਿਰੋਜ਼ਪੁਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਇਹ ਪ੍ਰਵਾਸੀ ਟੇ੍ਰਨ ਰਾਹੀਂ ਆਪਣੇ-ਆਪਣੇ ਘਰਾਂ ਨੂੰ ਪਹੁੰਚਣਗੇ।
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਜ਼ਿਲ੍ਹਾ ਮਾਨਸਾ ਤੋਂ ਉਨ੍ਹਾਂ ਦੇ ਰਾਜ ਵਿੱਚ ਭੇਜਣ ਲਈ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਪ੍ਰਵਾਸੀਆਂ ਨੂੰ ਬੱਸਾਂ ਵਿੱਚ ਭੇਜਣ ਲਈ ਤਿੰਨੋਂ ਸਬ-ਡਵੀਜ਼ਨਾਂ ਵਿੱਚ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਐਸ.ਡੀ.ਐਮ. ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮਜ਼ ਦੀ ਦੇਖ-ਰੇਖ ਹੇਠ ਸਬ ਡਵੀਜ਼ਨ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰਵਾਈ ਗਈ ਅਤੇ ਸਰਦੂਲਗੜ੍ਹ ਤੇ ਬੁਢਲਾਡਾ ਐਸ.ਡੀ.ਐਮਜ਼ ਵੱਲੋਂ ਬੱਸਾਂ ਨੂੰ ਮਾਨਸਾ ਵਿਖੇ ਭੇਜਿਆ ਗਿਆ, ਜਿੱਥੋਂ ਐਸ.ਡੀ.ਐਮ ਮਾਨਸਾ ਨੇ ਇਨ੍ਹਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ।
ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਦੱਸਿਆ ਕਿ ਵਾਪਸ ਆਪਣੇ ਰਾਜ ਪਰਤਣ ਲਈ ਰਜਿਸਟਰਡ ਹੋਏ ਪ੍ਰਵਾਸੀਆਂ ਤਹਿਤ ਅੱਜ 171 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਯੋਧਿਆ ਅਤੇ ਗੋਰਖਪੁਰ ਸਮੇਤ 9 ਜ਼ਿਲ੍ਹਿਆਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਯੋਧਿਆ, ਅੰਬੇਦਕਰ ਨਗਰ, ਬਾਰਾਬੰਕੀ, ਸੁਲਤਾਨਪੁਰ ਅਤੇ ਅਮੇਠੀ ਜ਼ਿਲਿ੍ਹਆਂ ਲਈ ਮਾਨਸਾ ਤੋਂ 82, ਸਰਦੂਲਗੜ੍ਹ ਤੋਂ 2 ਅਤੇ ਬੁਢਲਾਡਾ ਤੋਂ 16 ਪ੍ਰਵਾਸੀਆਂ ਨੂੰ ਭੇਜਿਆ ਗਿਆ ਹੈ। ਇਸੇ ਤਰ੍ਹਾਂ ਗੋਰਖਪੁਰ, ਦੇਵਰਿਆ, ਮਹਾਰਾਜਗੰਜ ਅਤੇ ਕੁਸ਼ੀਨਗਰ ਲਈ ਮਾਨਸਾ ਤੋਂ 50, ਸਰਦੂਲਗੜ੍ਹ ਤੋਂ 12 ਤੇ ਬੁਢਲਾਡਾ ਤੋਂ 9 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜ਼ਿਲਿ੍ਹਆਂ ਵਿੱਚ ਟੇ੍ਰਨਾਂ ਰਾਹੀਂ ਭੇਜਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਅੱਜ ਉਤਰ ਪ੍ਰਦੇਸ਼ ਦੀਆਂ 2 ਡਵੀਜ਼ਨਾਂ ਅਯੋਧਿਆ ਅਤੇ ਗੋਰਖਪੁਰ ਆਪਣੇ ਰਾਜ ਵਿੱਚ ਜਾਣ ਲਈ ਪੰਹੁਚੇ 171 ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਇਨ੍ਹਾਂ ਪ੍ਰਵਾਸੀਆਂ ਦੀ ਸਕਰੀਨਿੰਗ ਕਰਵਾਈ ਗਈ ਅਤੇ ਉਪਰੰਤ ਇਨ੍ਹਾਂ ਨੂੰ ਮੌਕੇ ’ਤੇ ਹੀ ਮੈਡੀਕਲ ਸਰਟੀਫਿਕੇਟ ਮੁਹੱਈਆ ਕਰਵਾਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਵਾਸੀਆਂ ਨੂੰ ਖਾਣਾ ਅਤੇ ਸਫਰ ਲਈ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਐਸ.ਪੀ. ਸ਼੍ਰੀ ਕੁਲਦੀਪ ਸਿੰਘ ਸੋਹੀ, ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।