ਮਨਿੰਦਰਜੀਤ ਸਿੱਧੁ
- ਨਾ ਸਰਕਾਰ, ਨਾ ਸਕੂਲ ਮਾਲਕਾਂ ਅਤੇ ਨਾ ਬੱਚਿਆਂ ਦੇ ਮਾਪਿਆਂ ਨੇ ਲਈ ਸਾਡੀ ਸਾਰ- ਅਜੀਤ ਸਿੰਘ
ਜੈਤੋ, 15 ਮਈ 2020 - ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫ਼ਿਊ ਨੇ ਜਿੱਥੇ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਹੈ, ਉੱਥੇ ਇਸ ਲਾਕਡਾਊਨ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਮਾਂਜ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਵਰਗ ਇਸ ਲਾਕਡਾਊਨ ਦੌਰਾਨ ਮੰਦੀ ਦਾ ਸ਼ਿਕਾਰ ਹੋਇਆ ਹੈ। ਸਾਡੇ ਸਮਾਜ ਦਾ ਇੱਕ ਵਰਗ ਜੋ ਸਰਕਾਰ ਵੱਲੋਂ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ ਉਹ ਹਨ ਸਕੂਲ ਵੈਨਾਂ ਦੇ ਵੈਨ ਚਾਲਕ। ਵੈਨ ਚਾਲਕਾਂ ਦੇ ਕਾਰੋਬਾਰ ਇਸ ਲਾਕਡਾਊਨ ਵਿੱਚ ਵਿਦਿਅਕ ਅਦਾਰੇ ਬੰਦ ਰਹਿਣ ਦੀ ਸੂਰਤ ਵਿੱਚ ਪੂਰੀ ਤਰਾਂ ਠੱਪ ਹੋ ਗਏ ਹਨ।
ਵੈਨਾਂ ਕਰਜ਼ੇ ਉੱਪਰ ਲੈਕੇ ਕੰਮ ਚਲਾਉਂਦੇ ਵੈਨ ਚਾਲਕਾਂ ਨੂੰ ਕਮਾਈ ਬੰਦ ਹੋਣ ਦੀ ਹਾਲਤ ਵਿੱਚ ਦੋਹਰੀ ਮਾਰ ਪਈ ਹੈ ਉਨਾਂ ਲਈ ਘਰ ਦਾ ਖਰਚਾ ਚਲਾਉਣਾ ਤਾਂ ਮੁਸ਼ਕਿਲ ਹੋਇਆ ਹੀ ਹੈ ਨਾਲ ਹੀ ਵੈਨਾਂ ਦੀਆਂ ਕਿਸ਼ਤਾਂ ਲੈਣ ਵਾਲੇ ਕੰਪਨੀ ਦਿਆਂ ਮੁਲਾਜ਼ਮਾਂ ਨੇ ਵੀ ਗਲ ਗੂਠਾ ਦੇ ਰੱਖਿਆ ਹੈ। ਅੱਜ ਪ੍ਰਾਈਵੇਟ ਸਕੂਲ ਵੈਨ ਯੂਨੀਅਨ ਜੈਤੋ ਦੇ ਪ੍ਰਧਾਨ ਅਜੀਤ ਸਿੰਘ ਸੋਢੀ ਨੇ ਚੋਣਵੇਂ ਪੱਤਰਕਾਰਾਂ ਕੋਲ ਆਪਣੀ ਵਿਥਿਆ ਸੁਣਾਉਂਦੇ ਹੋਏ ਦੱਸਿਆ ਕਿ ਇਸ ਲਾਕਡਾਊਨ ਨੇ ਸਾਡੇ ਜੀਵਨ ਨੂੰ ਪਟੜੀਓਂ ਲਾਹ ਦਿੱਤਾ ਹੈ। ਲਾਕਡਾਊਨ ਦੇ ਚਲਦਿਆਂ ਸਾਡੀ ਆਮਦਨ ਬਿਲਕੁਲ ਬੰਦ ਹੋ ਚੁੱਕੀ ਹੈ। ਸਾਡੀ ਨਾਂ ਤਾਂ ਸਰਕਾਰ ਨੇ ਬਾਂਹ ਫੜੀ ਹੈ, ਭਾਵ ਕਿ ਸਾਨੂੰ ਸਰਕਾਰ ਪਾਸੋਂ ਕਿਸੇ ਪ੍ਰਕਾਰ ਦੀ ਕੋਈ ਮਾਲੀ ਸਹਾਇਤਾ ਨਹੀਂ ਮਿਲੀ ਅਤੇ ਨਾਂ ਹੀ ਸਾਨੂੰ ਵੈਨਾਂ ਦੇ ਕਰਜਿਆਂ ਦੀਆਂ ਕਿਸ਼ਤਾਂ ਵਿੱਚ ਕੋਈ ਛੋਟ ਮਿਲੀ ਹੈ।
ਉਨਾਂ ਭਰੇ ਮਨ ਨਾਲ ਕਿਹਾ ਕਿ ਸਰਕਾਰਾਂ ਤੋਂ ਤਾਂ ਸਾਨੂੰ ਪਹਿਲਾਂ ਹੀ ਕੋਈ ਉਮੀਦ ਨਹੀਂ ਸਾਡੀ ਤਾਂ ਉਨਾਂ ਸਕੂਲਾਂ ਨੇ ਵੀ ਕੋਈ ਸਾਰ ਨਹੀਂ ਲਈ ਜਿਨਾਂ ਦੀਆਂ ਦੁਕਾਨਦਾਰੀਆਂ ਚਲਦੀਆਂ ਰੱਖਣ ਲਈ ਅਸੀਂ ਸਾਲਾਂ ਬੱਧੀ ਕੰਮ ਕਰਦੇ ਆ ਰਹੇ ਸਾਂ। ਤੀਸਰੀ ਨਾਂ ਹੀ ਉਨਾਂ ਮਾਪਿਆਂ ਨੇ ਸਾਡੀ ਕੋਈ ਬਾਤ ਪੁੱਛੀ ਜਿਨਾਂ ਦੇ ਜਿਗਰ ਦੇ ਟੋਟਿਆਂ ਨੂੰ ਅਸੀਂ ਆਪਣੇ ਬੱਚੇ ਸਮਝ ਕੇ ਹਿਫ਼ਾਜਤ ਨਾਲ ਸਕੂਲ ਪਹੁੰਚਾਉਂਦੇ ਅਤੇ ਸੁਰਖਿਅਤ ਵਾਪਿਸ ਘਰੇ ਲਿਆਉਂਦੇ ਰਹੇ ਹਾਂ।
ਉਨਾਂ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਔਕੜ ਦੀ ਘੜੀ ਵਿੱਚ ਸਾਡੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਜ਼ਿਆਂ ਦੇ ਵਿੱਚ ਰਾਹਤ ਦੁਆਈ ਜਾਵੇ ਅਤੇ ਨਾਲ ਹੀ ਸਾਡੇ ਜੀਵਨ ਨਿਰਬਾਹ ਲਈ ਮਾਲੀ ਸਹਾਇਤਾ ਕੀਤੀ ਜਾਵੇ। ਇਸ ਮੌਕੇ ਜਸਵੀਰ ਸਿੰਘ ਗੋਰਾ, ਸੇਖਰ ਸ਼ਰਮਾ, ਨੈਬ ਸਿੰਘ, ਲਖਵੀਰ ਸਿੰਘ ਲੱਖਾ, ਸੁਖਦੇਵ ਸਿੰਘ ਗਿੱਲ, ਹਰਵਿੰਦਰ ਸਿੰਘ, ਨੀਲਮ ਸਿੰਘ, ਰਮਨਦੀਪ ਸਿੰਘ ਅਤੇ ਜਸਕਰਨ ਸਿੰਘ ਹਾਜਰ ਸਨ।