ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਵੀ.ਸੀ.ਜ਼ਰੀਏ ਸਾਰੇ ਮੁਲਕਾਂ ਵਿੱਚ ਨਿਯੁਕਤ ਕੋਆਰਡੀਨੇਟਰਾਂ ਨਾਲ ਕੀਤੀ ਮੀਟਿੰਗ
ਵਿਰਲੀਆਂ ਥਾਵਾਂ ਉਤੇ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕਰਨ ਲਈ ਸਬੰਧਤ ਸਫਰਾਤਖਾਨਿਆਂ ਨਾਲ ਤਾਲਮੇਲ ਕੀਤਾ ਜਾਵੇਗਾ
ਵਿਦੇਸ਼ਾਂ ਤੋਂ ਆਉਣ ਵਾਲੇ ਜ਼ਰੂਰਤਮੰਦ ਪੰਜਾਬੀਆਂ ਦੇ ਠਹਿਰਨ ਦਾ ਪ੍ਰਬੰਧ ਪੰਜਾਬ ਸਰਕਾਰ ਕਰ ਰਹੀ ਹੈ: ਰਾਣਾ ਸੋਢੀ
ਕੋਆਰਡੀਨੇਟਰਾਂ ਨੂੰ ਵਿਦੇਸ਼ਾਂ ਵਿੱਚ ਪੜਨ ਗਏ ਵਿਦਿਆਰਥੀਆਂ ਦੀਆਂ ਫੀਸਾਂ ਦੀ ਸੈਟਲਮੈਂਟ ਲਈ ਸਬੰਧਤ ਸਰਕਾਰਾਂ ਕੋਲ ਪਹੁੰਚ ਕਰਨ ਲਈ ਕਿਹਾ
ਕੋਆਰਡੀਨੇਟਰਾਂ ਨੇ ਸੂਬਾ ਸਰਕਾਰ ਦੇ ਉਪਰਾਲਿਆਂ ਲਈ ਰਾਣਾ ਸੋਢੀ ਦਾ ਧੰਨਵਾਦ ਕੀਤਾ।
ਚੰਡੀਗੜ, 16 ਮਈ 2020: ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨਿੱਚਰਵਾਰ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਨਿਯੁਕਤ ਕੀਤੇ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕਰ ਕੇ ਕੋਵਿਡ-19 ਸੰਕਟ ਕਾਰਨ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਦੇਸ਼ ਲਿਆਉਣ ਅਤੇ ਪੰਜਾਬ ਆਏ ਪਰਵਾਸੀ ਭਾਰਤੀਆਂ ਨੂੰ ਆਪੋ-ਆਪਣੇ ਮੁਲਕਾਂ ਵਿੱਚ ਭੇਜਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਕੋਆਰਡੀਨੇਟਰਾਂ ਨੇ ਪੰਜਾਬ ਸਰਕਾਰ ਵੱਲੋਂ ਵਿਦੇਸ਼ੀਆਂ ਅਤੇ ਪਰਵਾਸੀਆਂ ਦੀ ਇਸ ਔਖੀ ਘੜੀ ਵਿੱਚ ਕੀਤੀ ਜਾ ਰਹੀ ਮਦਦ ਲਈ ਰਾਣਾ ਸੋਢੀ ਦਾ ਧੰਨਵਾਦ ਵੀ ਕੀਤਾ।
ਮੀਟਿੰਗ ਦੌਰਾਨ ਰਾਣਾ ਸੋਢੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹੈ ਅਤੇ ਲਗਾਤਾਰ ਪੰਜਾਬੀ ਵਤਨ ਪਰਤ ਰਹੇ ਹਨ। ਉਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨਾਂ ਪੰਜਾਬੀਆਂ ਨੂੰ ਵਾਪਸੀ ਉਤੇ ਸਬੰਧਤ ਸ਼ਹਿਰ ਵਿੱਚ ਹੀ ਹਵਾਈ ਅੱਡੇ ਤੋਂ ਬਾਹਰ ਆਉਣ ਉਤੇ 14 ਦਿਨਾਂ ਲਈ ਏਕਾਂਤਵਾਸ ਉਤੇ ਭੇਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਸਭ ਹੋਟਲਾਂ ਵਿੱਚ ਠਹਿਰ ਰਹੇ ਹਨ ਅਤੇ ਜਿਹੜੇ ਜ਼ਰੂਰਤਮੰਦ ਲੋਕ ਹੋਟਲਾਂ ਦਾ ਖਰਚਾ ਨਹੀਂ ਉਠਾ ਸਕਦੇ, ਉਨਾਂ ਲਈ ਸੂਬਾ ਸਰਕਾਰ ਵੱਲੋਂ ਹੋਸਟਲ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਥੇ ਸਿਰਫ ਥੋੜੀਂ ਜਿਹੀ ਰਕਮ ਖਾਣੇ ਦੀ ਵਸੂਲੀ ਜਾ ਰਹੀ ਹੈ।
ਕੋਆਰਡੀਨੇਟਰਾਂ ਵੱਲੋਂ ਮਿਲੇ ਸੁਝਾਅ ਉਤੇ ਰਾਣਾ ਸੋਢੀ ਨੇ ਕਿਹਾ ਕਿ ਉਹ ਲੋੜਵੰਦਾਂ ਲਈ ਠਹਿਰਨ ਦੇ ਪ੍ਰਬੰਧ ਮੁਫ਼ਤ ਕਰਨ ਲਈ ਮੁੱਖ ਮੰਤਰੀ ਜੀ ਨਾਲ ਗੱਲ ਕਰਨਗੇ ਅਤੇ ਮੀਟਿੰਗ ਵਿੱਚ ਉਨਾਂ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੂੰ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਦੇ ਠਹਿਰਨ ਲਈ ਸਰਕਾਰੀ ਗੈਸਟ ਹਾੳੂਸ ਆਦਿ ਵਿੱਚ ਪ੍ਰਬੰਧ ਦੇਖਣ। ਇਸੇ ਤਰਾਂ ਦੁਨੀਆਂ ਦੇ ਕਈ ਸ਼ਹਿਰਾਂ ਵਿੱਚ ਥੋੜੀ ਗਿਣਤੀ ਵਿੱਚ ਫਸੇ ਵਿਰਲੇ ਟਾਂਵੇ ਭਾਰਤੀਆਂ ਲਈ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧਤ ਦੇਸ਼ਾਂ ਦੇ ਸਫਾਰਤਖਾਨਿਆਂ ਵਿੱਚ ਤਾਲਮੇਲ ਸਥਾਪਤ ਕਰਨ ਲਈ ਕਿਹਾ ਤਾਂ ਜੋ ਉਥੇ ਫਸੇ ਪੰਜਾਬੀਆਂ ਨੂੰ ਵਾਪਸ ਲਿਆਂਦਾ ਜਾਵੇ। ਕੋਆਰਡੀਨੇਟਰਾਂ ਨੇ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਸਮਰੱਥਾ ਨਾਲੋਂ ਵੱਧ ਹੋਣ ਦੀ ਸੂਰਤ ਵਿੱਚ ਉਹ ਲੋੜਵੰਦ, ਬਜ਼ੁਰਗ, ਔਰਤਾਂ, ਬੱਚੇ ਅਤੇ ਮਰੀਜ਼ ਵਿਅਕਤੀਆਂ ਨੂੰ ਪਹਿਲ ਦੇ ਰਹੇ ਹਨ।
ਰਾਣਾ ਸੋਢੀ ਨੇ ਕੋਆਰਡੀਨੇਟਰਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਵਿਦੇਸ਼ਾਂ ਵਿੱਚ ਪੜਨ ਗਏ ਵਿਦਿਆਰਥੀ ਐਡਵਾਂਸ ਫੀਸਾਂ ਜਮਾਂ ਕਰਵਾ ਚੁੱਕੇ ਹਨ ਪਰ ਹੁਣ ਉਨਾਂ ਨੂੰ ਲੌਕਡਾੳੂਨ ਦੇ ਚੱਲਦਿਆਂ ਮਜਬੂਰੀਬੱਸ ਵਾਪਸ ਆਉਣਾ ਪੈ ਰਿਹਾ ਹੈ, ਉਨਾਂ ਦੀਆਂ ਜਮਾਂ ਕਰਵਾਈਆਂ ਫੀਸਾਂ ਦੀ ਭਵਿੱਖ ਵਿੱਚ ਸੈਟਲਮੈਂਟ ਕਰਨ ਲਈ ਸਬੰਧਤ ਸਰਕਾਰਾਂ ਕੋਲ ਪਹੁੰਚ ਬਣਾਈ ਜਾਵੇ। ਮੀਟਿੰਗ ਵਿੱਚ ਭਾਰਤ ਵਿੱਚ ਫਸੇ ਪਰਵਾਸੀ ਭਾਰਤੀਆਂ ਦਾ ਮੁੱਦਾ ਵੀ ਵਿਚਾਰਿਆ ਗਿਆ, ਜਿਨਾਂ ਵਿੱਚੋਂ ਕੁਝ ਕੁ ਨੂੰ ਵਾਪਸ ਆਪੋ-ਆਪਣੇ ਮੁਲਕ ਜਾਣ ਲਈ ਕੁਝ ਦਿੱਕਤਾਂ ਆ ਰਹੀਆਂ ਹਨ। ਰਾਣਾ ਸੋਢੀ ਨੇ ਦੱਸਿਆ ਕਿ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਐਨ.ਆਰ.ਆਈਜ਼ ਦੀ ਮਦਦ ਲਈ ਨੋਡਲ ਅਫਸਰ ਨਿਯੁਕਤ ਕਰਨ, ਜੋ ਉਨਾਂ ਦੀ ਹਰ ਔਕੜ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ। ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਇਕ ਵਾਰ ਟਿਕਟ ਕਰਵਾਉਣ ਤੋਂ ਬਾਅਦ ਉਨਾਂ ਦੇ ਹਵਾਈ ਅੱਡੇ ਤੱਕ ਜਾਣ ਲਈ ਪਾਸ ਆਦਿ ਦਾ ਪ੍ਰਬੰਧ ਸਬੰਧਤ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।