ਅਸ਼ੋਕ ਵਰਮਾ
ਬਠਿੰਡਾ,16 ਮਈ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਏਕਾ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਕਿਸਾਨੀ ਮੁੱਦਿਆਂ ਦੇ ਹੱਲ ਲਈ ਵੱਡਾ ਹੱਲਾ ਬੋਲਿਆ ਜਾ ਸਕੇੇ। ਹਾਲਾਂਕਿ ਕਿਸਾਨੀ ਮਸਲਿਆਂ ਲਈ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਲੜਨ ਦੀ ਗੱਲ ਆਖਦੀਆਂ ਪਰ ਰਾਹ ਵੰਡੇ ਹੋਣ ਕਰਕੇ ਉਹ ਦਬਾਅ ਨਹੀਂ ਬਣਾਇਆ ਜਾ ਸਕਿਆ ਹੈ। ਹੁਣ ਜਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਮੀਟਿੰਗ ਨੇ ਪੰਜਾਬ ਦੀਆਂ ਸੰਘਰਸ਼ੀ ਕਿਸਾਨ ਸਫਾਂ ਤੇ ਕਿਸਾਨਾਂ ਲਈ ਏਕਤਾ ਦੀ ਪਹਿਲਕਦਮੀ ਕੀਤੀ ਹੈ ਤਾਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ।
ਖਾਸ ਤੌਰ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਦੀ ਮੌਤ ਉਪਰੰਤ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੇ ਆਗੂ ਇੱਥ ਹੋਣ ਦਾ ਰਾਹ ਪਏ ਹਨ।
ਦੱਸਣਯੋਗ ਹੈ ਕਿ ਸਾਲ 2016 ਵਿੱਚ ਕੁੱਝ ਕਾਰਨਾਂ ਕਰਕੇ ਕਿਸੇ ਘਟਨਾ ਨੂੰ ਦੇਖਦਿਆਂ ਬਠਿੰਡਾ ਜਿਲੇ ਦੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ। ਸੂਬਾ ਮੀਟਿੰਗ ਦੀ ਕਾਰਵਾਈ ਸਬੰਧੀ ਨਾਮਜਦ ਕੀਤੇ ਸੂਬਾ ਕਨਵੀਨਰ ਲਾਲ ਸਿੰਘ ਗੋਲੇਵਾਲਾ, ਸੂਬਾ ਖਜਾਨਚੀ ਗੁਰਦੀਪ ਸਿੰਘ ਵੈਰੋ ਕੇ ਤੇ ਸੂਬਾ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੀਤੇ ਮਹੱਤਵਪੂਰਨ ਫੈਸਲਿਆਂ ’ਚ ਉਪਰੋਕਤ ਤਿੰਨਾਂ ਆਗੂਆਂ ਦੇ ਅਹੁਦੇ ਬਰਕਰਾਰ ਰਹਿਣਗੇ ਜਦੋਂਕਿ ਮੋਗਾ ਜਿਲੇ ਤੋਂ ਸੁਰਜੀਤ ਸਿੰਘ ਕੋਟਲਾ, ਬਠਿੰਡਾ ਜਿਲੇ ਤੋਂ ਬਲਵੰਤ ਸਿੰਘ ਮਹਿਰਾਜ, ਫਰੀਦਕੋਟ ਤੋਂ ਮਾਸਟਰ ਸੂਰਜ ਭਾਨ, ਬਲਦੇਵ ਸਿੰਘ ਫੌਜੀ, ਫਿਰੋਜ਼ਪੁਰ ਤੋਂ ਜਗਰੂਪ ਸਿੰਘ ਮਹੀਆਂ ਵਾਲਾ, ਕੁਲਵੰਤ ਸਿੰਘ, ਮਾਨਸਾ ਤੋਂ ਡਾ: ਗੁਰਤੇਜ ਸਿੰਘ ਖੀਵਾ, ਪਟਿਆਲਾ ਤੋਂ ਅਜੈਬ ਸਿੰਘ ਭਾਦਸੋਂ ਅਤੇ ਗੁਰਬਚਨ ਸਿੰਘ ਸਦਨੌਲੀ ਨੂੰ ਸੂਬਾ ਕਮੇਟੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਨਾਲ ਏਕਤਾ ਵਾਰਤਾ ਜਾਰੀ ਰੱਖਦੇ ਹੋਏ 31 ਮਈ ਤੱਕ ਏਕਤਾ ਨੂੰ ਅੰਤਮ ਰੂਪ ਦਿੱਤਾ ਜਾਵੇਗਾ ਜਿਸ ਲਈ ਸੂਬਾ ਕਨਵੀਨਰ ਲਾਲ ਸਿੰਘ ਗੋਲੇਵਾਲਾ ਤੇ ਸੂਬਾ ਖਜਾਨਚੀ ਗੁਰਦੀਪ ਸਿੰਘ ਵੈਰੋ ਕੇ ਗੱਲਬਾਤ ਨੂੰ ਅੱਗੇ ਵਧਾਉਣਗੇ।
ਮੋਦੀ ਸਰਕਾਰ ਦੀ ਨਿਖੇਧੀ
ਮੀਟਿੰਗ ’ਚ ਸ਼ਾਮਲ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ ਕਿਸਾਨਾਂ ਲਈ ਕੋਈ ਢੁੱਕਵੀਂ ਮੱਦਦ ਦਾ ਐਲਾਨ ਨਹੀਂ ਕੀਤਾ ਗਿਆ ਬਲਕਿ ਕਿਸਾਨ ਰੱਬ ਭਰੋਸੇ ਛੱਡ ਦਿੱਤੇ ਗਏ ਹਨ। ਇਸ ਮੌਕੇ ਉਨਾਂ ਕੁੱਝ ਚੌਧਰੀਆਂ ਵੱਲੋਂ ਕਿਸਾਨਾਂ ਨੂੰ ਗੁਮਰਾਹ ਕਰਕੇ ਪੰਚਾਇਤਾਂ ਰਾਹੀਂ ਝੋਨੇ ਦੀ ਲਵਾਈ ਸਬੰਧੀ ਮਜਦੂਰੀ ਦੇ ਮਤੇ ਪਾਸ ਕਰਵਾਉਣ ਨੂੰ ਮਜਦੂਰ ਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਸੱਦਾ ਦਿੱਤਾ ਕਿ ਕਿਸਾਨ- ਮਜਦੂਰ ਆਪਸੀ ਤਾਲਮੇਲ ਨਾਲ ਜਾਇਜ ਭਾਅ ਤੈਅ ਕਰਨ। ਆਗੂਆਂ ਨੇ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਰਿਆਇਤੀ ਕੀਮਤ ‘ਤੇ ਦਲਿਤਾਂ ਨੂੰ ਠੇਕੇ ‘ਤੇ ਦੇਣ ਅਤੇ ਬਾਕੀ ਹਿੱਸਾ ਬੇਜ਼ਮੀਨੇ ਤੇ ਗਰੀਬ ਕਿਸਾਨਾਂ ਨੂੰ ਵਾਜਬ ਭਾਅ ਤੇ ਦੇਣਾ ਯਕੀਨੀ ਬਣਾਉਣ ਲਈ ਰਾਖਵਾਂ ਕਰਨ ਦੀ ਮੰਗ ਵੀ ਕੀਤੀ ਹੈ।
ਜੱਥੇਬੰਦਕ ਏਕਤਾ ਦਾ ਸੁਆਗਤ
ਇਸ ਏਕਤਾ ਪਹਿਲ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਦੱਸਿਆ ਕਿ ਜਿਸ ਤਰਾਂ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਮ੍ਰੁਲਕਾਂ ਦੀ ਪੁਸ਼ਪਨਾਹੀਂ ਕਰਕੇ ਖੇਤੀ ਖੇਤਰ ਦਾ ਉਜਾੜਾ ਕਰਨ ਦੀਆਂ ਕੋਸ਼ਿਸ਼ਾਂ ਤੇਜ ਹੋਈਆਂ ਹਨ ਉਸ ਲਈ ਸਾਂਝਾ ਥੜਾ ਉਸਾਰਨਾ ਵਕਤ ਦੀ ਲੋੜ ਹੈ। ਉਨਾਂ ਆਖਿਆ ਕਿ ਜੱਥੇਬੰਦਕ ਏਕਤਾ ਉਪਰੰਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਫੈਸਲਾ ਲਿਆ ਜਾਏਗਾ ਕਿਉਂਕਿ ਸਰਕਾਰਾਂ ਨੇ ਖੇਤੀ ਨੂੰ ਨਖਿੱਧ ਬਣਾ ਕੇ ਜਮੀਨਾਂ ਧਨਾਢ ਘਰਾਣਿਆਂ ਹਵਾਲੇ ਕਰਨ ਲਈ ਕਿਸਾਨ ਵਿਰੋਧੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।