ਰਜਨੀਸ਼ ਸਰੀਨ
- ਨਵਾਂਸ਼ਹਿਰ, ਬੰਗਾ ਤੇ ਬਲਾਚੌਰ ’ਚੋਂ ਅੱਜ 251 ਵਿਅਕਤੀ ਭੇਜੇ ਗਏ
ਨਵਾਂਸ਼ਹਿਰ, 16 ਮਈ 2020 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ 251 ਹੋਰ ਚਾਹਵਾਨਾਂ ਨੂੰ ਮੋਹਾਲੀ ਰਾਹੀਂ ਯੂ ਪੀ ਦੀ ਟ੍ਰੇਨ ਬਿਠਾਇਆ ਗਿਆ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਇਨ੍ਹਾਂ ਦੋ ਦਿਨਾਂ ’ਚ ਯੂ ਪੀ 662 ਪ੍ਰਵਾਸੀ ਰਵਾਨਾ ਹੋ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਲਈ 55 ਪ੍ਰਵਾਸੀ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਪਾਸੋਂ ਇਨ੍ਹਾਂ ਦੇ ਜਾਣ ਦੇ ਪ੍ਰਬੰਧਾਂ ਬਾਰੇ ਸੂਚਨਾ ਮਿਲ ਰਹੀ ਹੈ, ਤਿਉਂ ਤਿਉਂ ਉਨ੍ਹਾਂ ਨੂੰ ਜ਼ਿਲ੍ਹੇ ’ਚੋਂ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ’ਚੋਂ ਅੱਜ ਯੂ ਪੀ ਜਾਣ ਦੇ ਚਾਹਵਾਨ 130 ਵਿਅਕਤੀਆਂ ਨੂੰ ਬੱਸਾਂ ’ਤੇ ਮੋਹਾਲੀ ਰੇਲੇਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ ਜਦਕਿ ਕਲ੍ਹ 267 ਵਿਅਕਤੀਆਂ ਨੂੰ ਰਵਾਨਾ ਕੀਤਾ ਗਿਆ ਸੀ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਸਬ ਡਵੀਜ਼ਨ ਬਲਾਚੌਰ ’ਚੋਂ ਅੱਜ ਯੂ ਪੀ ਜਾਣ ਦੇ 60 ਚਾਹਵਾਨਾਂ ਨੂੰ ਦੋ ਬੱਸਾਂ ’ਤੇ ਮੋਹਾਲੀ ਰੇਲਵੇ ਸਟੇਸ਼ਨ ਤੱਕ ਰਵਾਨਾ ਕੀਤਾ ਗਿਆ। ਕਲ੍ਹ ਯੂ ਪੀ ਲਈ 82 ਵਿਅਕਤੀ ਰਵਾਨਾ ਕੀਤੇ ਗਏ ਸਨ।
ਐਸ ਡੀ ਐਮ ਬੰਗਾ ਗੌਤਮ ਜੈਨ ਅਨੁਸਾਰ ਅੱਜ ਯੂ ਪੀ ਜਾਣ ਦੇ ਚਾਹਵਾਨ 61 ਵਿਅਕਤੀਆਂ ਨੂੰ ਦੋ ਬੱਸਾਂ ’ਤੇ ਬੰਗਾ ਤੋਂ ਮੋਹਾਲੀ ਰੇਲਵੇ ਸਟੇਸ਼ਨ ਰਵਾਨਾ ਕੀਤਾ ਗਿਆ ਜਦਕਿ ਕਲ੍ਹ 62 ਵਿਅਕਤੀ ਭੇਜੇ ਗਏ ਸਨ।
ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਨੁਸਾਰ ਐਤਵਾਰ ਨੂੰ ਪਟਿਆਲਾ ਰੇਲਵੇ ਸਟੇਸ਼ਨ ਰਾਹੀਂ ਗਾਜ਼ੀਪੁਰ ਜਾਣ ਦੇ 40 ਚਾਹਵਾਨਾਂ ਨੂੰ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚੋਂ ਭੇਜੇ ਜਾਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਮੁਤਾਬਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਭੇਜਣ ਦਾ ਵੱਖ-ਵੱਖ ਸ਼ਹਿਰਾਂ ’ਚੋਂ ਰੇਲਵੇ ਰਾਹੀਂ ਪ੍ਰਬੰਧ ਕੀਤਾ ਗਿਆ ਹੈ।