ਅਸ਼ੋਕ ਵਰਮਾ
ਮਾਨਸਾ, 16 ਮਈ 2020 - ਕੋਰੋਨਾ ਵਾਇਰਸ ਕਾਰਨ ਪਿਛਲੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਲੌਕਡਾਉਨ ਕਾਰਨ ਅਤੇ ਸਰਕਾਰ ਦੇ ਨਾਕਿਸ ਪ੍ਰਬੰਧਾਂ ਦੀ ਵਜਾ ਕਾਰਨ ਉਭਰੇ ਲੋਕ ਮਸਲਿਆਂ ਦੇ ਸਬੰਧ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਿਲ੍ਹਾ ਮਾਨਸਾ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਬਲਾਕ ਪ੍ਰਧਾਨ ਪੇ੍ਮ ਗਰਗ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਸੀਪੀਆਈ ਐਮ ਐਲ ਦੇ ਕਾ. ਰਾਜਵਿੰਦਰ ਰਾਣਾ ,ਸੀਪੀਆਈ ਦੇ ਕਾਮਰੇਡ ਕਿ੍ਸ਼ਨ ਚੌਹਾਨ, ਮਜਦੂਰ ਮੁਕਤੀ ਮੋਰਚਾ ਦੇ ਪ੍ਧਾਨ ਭਗਵੰਤ ਸਮਾਉਂ, ਬੀਐਸਪੀ ਦੇ ਆਤਮਾ ਸਿੰਘ ਪਰਮਾਰ,ਜਮਹੂਰੀ ਕਿਸਾਨ ਸਭਾ ਦੇ ਕਾ. ਮੇਜਰ ਸਿੰਘ ਦੁਲੋਵਾਲ,ਜਮਹੂਰੀ ਅਧਿਕਾਰ ਸਭਾ ਦੇ ਐਡਵੋਕੇਟ ਬਲਕਰਨ ਬੱਲੀ, ਕਾ. ਨਰਿੰਦਰ ਕੌਰ ਬੁਰਜ ਹਮੀਰਾ,ਆਈਸਾ ਦੇ ਸੂਬਾ ਆਗੂ ਪਰਦੀਪ ਗੁਰੂ, ਪਾਰਕ ਸੁਧਾਰ ਕਮੇਟੀ ਦੇ ਪ੍ਧਾਨ ਗੋਰਾ ਲਾਲ ਰਟਾਇਰਡ ਫਾਰਮਾਸਿਸਟ,ਮੁਸਲਿਮ ਪੰਜਾਬ ਦੇ ਸੂਬਾ ਆਗੂ ਹੰਸ ਰਾਜ ਮੋਫਰ ਅਤੇ ਬਾਬਾ ਅੰਬੇਦਕਰ ਰੇਹੜੀ ਯੂਨੀਅਨ ਦੇ ਕਾ. ਜਰਨੈਲ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵਲੋਂ ਵਗੈਰ ਕਿਸੇ ਪੁਖਤਾ ਪ੍ਰਬੰਧ ਕਰਨ ਦੇ ਕੀਤੇ ਗਏ ਲੌਕਡਾਊਨ ਕਾਰਨ ਮਿਹਨਤਕਸ਼ ਲੋਕਾਂ, ਛੋਟੇ ਦੁਕਾਨਦਾਰਾਂ ,ਕਿਸਾਨਾਂ ਅਤੇ ਮਜਦੂਰਾਂ ਨੂੰ ਰੋਜ ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਉਨਾਂ ਕਿਹਾ ਕਿ ਖਾਸ ਕਰ ਸਿਹਤ ਸੇਵਾਵਾਂ ਦੇ ਖੇਤਰ ਅੰਦਰ,ਸਰਕਾਰੀ ਹਸਪਤਾਲਾਂ ਵੱਲੋਂ ਲੰਮਾਂ ਸਮਾਂ ਓ ਪੀ ਡੀ ਬੰਦ ਰੱਖੀ ਗਈ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋ ਵੀ ਮਰੀਜਾਂ ਲਈ ਦਰਵਾਜੇ ਬੰਦ ਕਰ ਦਿੱਤੇ ਗਏ ਜਿਸ ਦਾ ਸਭ ਤੋਂ ਵੱਧ ਇਸ ਦਾ ਸੰਤਾਪ ਗਰਭਵਤੀ ਮਹਿਲਾਵਾਂ ਨੇ ਭੋਗਿਆ ਹੈ ਜਿਸ ਦੀ ਮਿਸਾਲ ਮੋਗਾ ਜਿਲੇ ’ਚ ਜਨਮ ਪੀੜਾਂ ਦੇ ਚਲਦੇ ਸੜਕ ਉਪਰ ਹੀ ਬੱਚੇ ਨੂੰ ਜਨਮ ਦੇਣਾ ਪਿਆ । ਆਗੂਆਂ ਨੇ ਕਿਹਾ ਕਿ ਇਸ ਔਖੀ ਘੜੀ ’ਚ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਹੀ ਲੋਕਾਂ ਦੇ ਕੰਮ ਆਏ ਹਨ ਜਿੰਨਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਫੈਕਟਰੀਆਂ ਅੰਦਰ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰ ਆਵਾਜਾਈ ਦੇ ਸਾਧਨ ਬੰਦ ਹੋ ਜਾਣ ਕਾਰਨ ਆਪਣੇ ਕੰਮ ਵਾਲੀ ਜਗਾ ਹੀ ਫਸ ਗਏ ਅਤੇ ਉਨਾਂ ਲਈ ਭਰ ਪੇਟ ਖਾਣੇ ਅਤੇ ਉਨਾਂ ਨੂੰ ਆਪੋ ਆਪਣੇ ਟਿਕਾਣੇ ਤੇ ਪਹੁੰਚਾਉਣ ਦਾ ਕੋਈ ਪ੍ਰਬੰਧ ਕੀਤਾ ਗਿਆ ਜੋਕਿ ਭੁੱਖ, ਦੁੱਖ ਅਤੇ ਪੈਸੇ ਦੀ ਘਾਟ ਕਾਰਨ ਪੈਦਲ ਹੀ ਆਪਣੇ ਘਰਾਂ ਵੱਲ ਸੈਂਕੜੇ ਮੀਲਾਂ ਦਾ ਪੈਂਡਾ ਤਹਿ ਕਰਕੇ ਤੁਰ ਪਏ ਜਿੰਨਾਂ ਚੋਂ ਕਈਆਂ ਦੀ ਮੌਤ ਵੀ ਹੋ ਗਈ ਹੈ। ਉਨਾ ਨੇ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸਨਰ ਮਾਨਸਾ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਲੌਕਡਾਉਣ ਕਾਰਨ ਕਿਰਤੀ ਲੋਕਾਂ,ਮੱਧ ਵਰਗੀ ਪ੍ਰੀਵਾਰਾਂ, ਕਿਸਾਨਾਂ ,ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਆਦਿ ਦਾ ਕੰਮ ਠੱਪ ਹੋ ਜਾਣ ਕਾਰਨ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰਨ ਲਈ ਹਰ ਇਕ ਦੇ ਖਾਤੇ ਦਸ ਦਸ ਹਜਾਰ ਰੁਪਏ ਪਾਏ ਜਾਣ,ਬਿਜਲੀ ਦੇ ਬਿਲ ਅਤੇ ਸਕੂਲ ਦੀਆਂ ਫੀਸਾਂ ਮਾਫ ਕੀਤੀਆਂ ਜਾਣ।ਮਜਦੂਰਾਂ ਨੂੰ ਆਪਣੇ ਘਰ ਤੱਕ ਪਹੁਚਾਉਣ ਲਈ ਮੁਫਤ ਪ੍ਰਬੰਧ ਕੀਤੇ ਜਾਣ ।
ਇਸੇ ਤਰ੍ਹਾਂ ਹੀ ਕੋਵਿਡ-19 ਨਾਲ ਲੜ ਰਹੇ ਸਿਹਤ ਕਾਮਿਆਂ,ਮੈਡੀਕਲ ਪੈ੍ਕਟੀਸ਼ਨਰਾਂ, ਮੁਲਾਜਮਾਂ ਤੇ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦੇ ਢੱਕਵੇਂ ਪ੍ਰਬੰਧ ਕੀਤੇ ਜਾਣ ਅਤੇ 50-50 ਲੱਖ ਰੁਪਏ ਦਾ ਬੀਮਾ ਤੇ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ । ਸਰਕਾਰ ਪੇਂਡੂ ਡਾਕਟਰਾਂ ਵਜੋਂ ਜਾਣੇ ਜਾਂਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਹਤ ਕਾਮਿਆਂ ਵਜੋਂ ਮਾਨਤਾ ਦੇਵੇ। ਇਸ ਮੌਕੇ ਬਲਾਕ ਸਕੱਤਰ ਸਿਮਰਜੀਤ ਸਿੰਘ,ਕੈਸ਼ੀਅਰ ਲਾਭ ਸਿੰਘ,ਰਵੀ ਖਾਨ, ਸਿਕੰਦਰਜੀਤ ਸਿੰਘ,ਗੁਰਜੰਟ ਸਿੰਘ,ਚਿਮਨ ਲਾਲ,ਮੈਂਗਲ ਸਿੰਘ,ਕਿ੍ਸ਼ਨ ਸਿੰਘ,ਕਰਮਜੀਤ ਸਿੰਘ,ਸਤੀਸ਼ ਮਿੱਡਾ,ਸੁਧੀਰ ਕੁਮਾਰ,ਸੁਰੇਸ਼ ਬੱਤਰਾ ਆਦਿ ਨੇ ਵੀ ਸੰਬੋਧਨ ਕੀਤਾ।