ਐਸ ਐਮ ਓ ਡਾ. ਕਵਿਤਾ ਭਾਟੀਆ ਵੱਲੋਂ ਇੱਕ ਹਫ਼ਤੇ ਦੇ ‘ਹੋਮ ਕੁਆਰਨਟਾਈਨ’ ਦੀ ਹਦਾਇਤ
ਜ਼ਿਲ੍ਹੇ ’ਚ ਕਲ੍ਹ ਅਤੇ ਅੱਜ ਘਰ ਭੇਜੇ ਮਰੀਜ਼ਾਂ ਦੀ ਗਿਣਤੀ 83 ਹੋਈ
ਬੰਗਾ, 17 ਮਈ 2020: ਸਿਹਤ ਵਿਭਾਗ ਪੰਜਾਬ ਵੱਲੋਂ ਕੋਵਿਡ ਮਰੀਜ਼ਾਂ ਦੀ ਸਿਹਤਯਾਬੀ ਨੂੰ ਲੈ ਕੇ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੋਵਿਡ ਕੇਅਰ ਸੈਂਟਰ ’ਚੋਂ ਅੱਜ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ।
ਸੈਂਟਰ ਦੇ ਇੰਚਾਰਜ ਅਤੇ ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਇਨ੍ਹਾਂ 8 ਹੋਰ ਮਰੀਜ਼ਾਂ ਦੇ ਜਾਣ ਨਾਲ ਇਸ ਸੈਂਟਰ ਤੋਂ ‘ਹੋਮ ਆਈਸੋਲੇਸ਼ਨ’ ’ਚ ਭੇਜੇ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ 7 ਦਿਨ ਦੀ ‘ਹੋਮ ਆਈਸੋਲੇਸ਼ਨ’ ਲਾਜ਼ਮੀ ਤੌਰ ’ਤੇ ਪੂਰੀ ਕਰਨ ਦੀ ਹਦਾਇਤ ਕੀਤੀ ਗਈ ਹੈ।
ਜਿਨ੍ਹਾਂ ਵਿਅਕਤੀਆਂ ਨੂੰ ਅੱਜ ਛੁੱਟੀ ਦਿੱਤੀ ਗਈ, ਉਨ੍ਹਾਂ ’ਚ ਇੱਕ-ਇੱਕ ਮਰੀਜ਼ ਮਹਿਰਮਪੁਰ, ਆਦੋਆਣਾ, ਚੰਦਿਆਣੀ ਖੁਰਦ, ਸਹਿਬਾਜਪੁਰ ਅਤੇ ਦੋ-ਦੋ ਨਵਾਂ ਪਿੰਡ ਟੱਪਰੀਆਂ ਤੇ ਰੱਤੇਵਾਲ ਨਾਲ ਸਬੰਧਤ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੇ ਐਸ ਐਮ ਓ ਡਾ. ਕਵਿਤਾ ਭਾਟੀਆ, ਡਾ. ਕੁਲਵਿੰਦਰ ਮਾਨ ਅਤੇ ਉੱਥੇ ਡਿੳੂਟੀ ’ਤੇ ਤਾਇਨਾਤ ਸਟਾਫ਼ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਇਲਾਜ, ਕੌਂਸਲਿੰਗ ਤੇ ਖਾਣ-ਪੀਣ ਦੀਆਂ ਸੁਵਿਧਾਵਾਂ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ।
ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਅੱਜ ਢਾਹਾਂ ਕਲੇਰਾਂ ਤੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇਣ ਨਾਲ ਜ਼ਿਲ੍ਹੇ ’ਚ ਕਲ੍ਹ ਅਤੇ ਅੱਜ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 83 ’ਤੇ ਪਹੁੰਚ ਗਈ ਹੈ।