ਹਰਿੰਦਰ ਨਿੱਕਾ
- ਗੰਨੇ ਦੇ ਬਕਾਏ ਜਲਦ ਜਾਰੀ ਕਰਨ ਲਈ ਭਗਵਾਨਪੁਰਾ ਖੰਡ ਮਿੱਲ ਦੇ ਅਧਿਕਾਰੀਆਂ ਨੂੰ ਵੀ ਕੀਤੀ ਹਦਾਇਤ: ਕੇਨ ਕਮਿਸ਼ਨਰ ਪੰਜਾਬ
ਸੰਗਰੂਰ, 17 ਮਈ 2020 - ਕੋਰੋਨਾ ਵਾਇਰਸ ਫੈਲਣ ਕਰਕੇ ਉਪਜੇ ਹਾਲਾਤ ਦੇ ਮੱਦੇਨਜ਼ਰ ਤੇ ਵਾਤਾਵਰਨ ਦਾ ਵਡਮੁੱਲਾ ਅੰਗ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਸ ਨਾਲ ਪਾਣੀ ਦੇ ਨਾਲ-ਨਾਲ ਲੇਬਰ ਦੀ ਸਮੱਸਿਆ ਦਾ ਵੀ ਸਹਿਜੇ ਹੀ ਹੱਲ ਹੋ ਜਾਂਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ)-ਕਮ-ਕੇਨ ਕਮਿਸ਼ਨਰ ਪੰਜਾਬ ਡਾ. ਗੁਰਵਿੰਦਰ ਸਿੰਘ ਨੇ ਆਪਣੇ ਸੰਗਰੂਰ ਦੌਰੇ ਦੌਰਾਨ ਕੀਤਾ।
ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਉਣੀ 2020 ਦੌਰਾਨ ਜ਼ਿਲਾ ਸੰਗਰੂਰ ’ਚ ਹੀ ਤਕਰੀਬਨ 2.66 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ ਅਤੇ ਦੂਸਰੇ ਸੂਬਿਆਂ ਤੋ ਝੋਨੇ ਦੀ ਪਨੀਰੀ ਦੀ ਲੁਆਈ ਲਈ ਲੇਬਰ ਬਹੁਤ ਘੱਟ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਦਾ ਰੁਝਾਨ ਸਿੱਧੀ ਬਿਜਾਈ ਵੱਲ ਜ਼ਿਆਦਾ ਹੈ। ਇਸ ਉਪਰੰਤ ਡਾ. ਗੁਰਵਿੰਦਰ ਸਿੰਘ ਵੱਲੋਂ ਭਗਵਾਨਪੁਰਾ ਸੂਗਰ ਮਿੱਲ ਧੂਰੀ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਉਨ੍ਹਾਂ ਮਿੱਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਿ ਉਹ ਕਿਸਾਨਾਂ ਦੀ ਬਕਾਇਆ ਰਹਿੰਦੀ ਪੇਮੈਂਟ ਜਾਰੀ ਕਰਵਾਉਣ ਲਈ ਯੋਗ ਉਪਰਾਲੇ ਕਰਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ।
ਡਾ. ਗੁਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਨਾਂ ਪਾਸ ਮੌਜੂਦ ਬੀਜ-ਖਾਦ ਡਰਿਲਾਂ ’ਚ ਥੋੜੀ ਤਬਦੀਲੀ ਕਰਨ ਉਪਰੰਤ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਸਮੇਂ ਉਨਾਂ ਨੇ ਕਿਸਾਨਾਂ ਵੱਲੋ ਆਪਣੇ ਪੱਧਰ ’ਤੇ ਤਿਆਰ ਕੀਤੀਆਂ ਮਸ਼ੀਨਾਂ ਦਾ ਨਿਰੀਖਣ ਕੀਤਾ ਅਤੇ ਤਸੱਲੀ ਪ੍ਰਗਟਾਈ। ਉਨਾਂ ਕਿਸਾਨਾਂ ਦੀਆਂ ਖੇਤੀ ਸਬੰਧੀ ਹੋਰਨਾਂ ਮੁਸਕਲਾਂ ਦੇ ਹੱਲ ਵੀ ਦੱਸੇ ਅਤੇ ਕਿਸਾਨ ਨੂੰ ਸਲਾਹ ਦਿੱਤੀ ਕਿ ਉਹ ਕਪਾਹ, ਮੱਕੀ ਅਤੇ ਗੰਨਾ ਦੀ ਫਸਲ ਝੋਨੇ ਦੇ ਬਦਲ ਵਜੋਂ ਬੀਜਣ ਤਾਂ ਜੋ ਪਾਣੀ ਦੀ ਵੱਧ ਤੋ ਵੱਧ ਬੱਚਤ ਕੀਤੀ ਜਾ ਸਕੇ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ.121, ਪੀ.ਆਰ. 122, ਪੀ.ਆਰ. 124, ਪੀ.ਆਰ. 126, ਪੀ.ਆਰ. 127, ਪੀ.ਆਰ. 128, ਪੀ.ਆਰ. 129 ਅਤੇ ਪੀ.ਆਰ. 114 ਆਦਿ ਦੀ ਬਿਜਾਈ ਕੀਤੀ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਦੱਸਿਆ ਕਿ ਸਿੱਧੀ ਬਿਜਾਈ ਲਈ ਪਹਿਲਾਂ ਝੋਨੇ ਦੇ ਬੀਜ ਨੂੰ 8 ਤੋ 10 ਘੰਟੇ ਪਾਣੀ ’ਚ ਡੁਬੋ ਕੇ ਰੱਖਿਆ ਜਾਵੇ ਅਤੇ ਬਾਅਦ ’ਚ ਗਿੱਲੀਆਂ ਬੋਰੀਆਂ ’ਤੇ ਵਿਛਾਉਣ ਉਪਰੰਤ ਸੋਧਣ ਲਈ 24 ਗ੍ਰਾਮ ਸਪਰਿੰਟ 75 ਡਬਲਯੂ.ਐਸ ਦਵਾਈ ਨੂੰ 80-100 ਲਿਟਰ ਪਾਣੀ ’ਚ ਘੋਲਕੇ ਜੀਰੀ ਨੂੰ ਚੰਗੀ ਤਰਾਂ ਰਲਾ ਦੇਣ। ਉਨਾਂ ਕਿਹਾ ਕਿ ਇਸ ਉਪਰੰਤ ਬੀਜ ਨੂੰ ਛਾਂ ’ਚ ਸੁਕਾਕੇ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਉਪਰੰਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਸਸ਼ੁਦਾ ਨਦੀਨਨਾਸ਼ਕ ਜਿਵੇਂਕਿ ਪੈਡੀਮੈਥਲੀਨ 50%, ਬਿਸਪਾਇਰੀਬੈਕ 10 ਐਸ.ਸੀ. ਅਜਿਮਸਲਫੂਰਾਨ 50 ਡੀ.ਐਫ ਆਦਿ ਦੀ ਹੀ ਵਰਤੋਂ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕੇਨ ਕਮਿਸਨਰ ਡਾ. ਵਿਜੇ ਕੁਮਾਰ ਮਹਿਤਾ, ਖੇਤੀਬਾੜੀ ਅਫ਼ਸਰ ਸੁਨਾਮ ਡਾ. ਵਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਡਾ. ਜਸਕੰਵਲ ਸਿੰਘ, ਸਹਾਇਕ ਗੰਨਾ ਵਿਕਾਸ ਅਫ਼ਸਰ ਧੂਰੀ ਡਾ. ਜਸਵਿੰਦਰ ਸਿੰਘ ਅਤੇ ਖੰਡ ਮਿੱਲ ਦੇ ਜਨਰਲ ਮਨੈਜਰ ਜਸਵੰਤ ਸਿੰਘ ਸੰਧੂ ਵੀ ਹਾਜ਼ਰ ਸਨ।