ਅੰਮ੍ਰਿਤਸਰ 18 ਮਈ 2020: ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ( ਪਰਕਸ) ਤੇ ਪੰਜਾਬ ਲਾਇਬ੍ਰੇਰੀ ਮੂਵਮੈਂਟ ਵੱਲੋਂ ਅਮਰੀਕਾ ਨਿਵਾਸੀ ਡਾ. ਜਸਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਡੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਪ੍ਰੋਫ਼ੈਸਰ ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ, ਪ੍ਰੈਸ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਤੇ ਸਮੂਹ ਕਾਰਜਕਾਰੀ ਮੈਂਬਰਾਨ ਤੇ ਪੰਜਾਬ ਲਾਇਬ੍ਰੇਰੀ ਮੂਵਮੈਂਟ ਦੇ ਕਨਵੀਨਰ ਸ੍ਰੀ ਐਮ ਐਲ ਗਰਗ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਪਿੰਡ ਪਿੰਡ ਲਾਇਬ੍ਰੇਰੀ ਖੋਲ੍ਹਣ ਤੇ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ ਲਈ ਸੰਘਰਸ਼ ਦੀ ਸ਼ੁਰੂਆਤ ਕਰਨ ਵਾਲੇ ਉਹ ਮੋਢੀਆਂ ਵਿੱਚੋਂ ਸਨ।
ਭਾਵੇਂ ਉਹ ਅਮਰੀਕਾ ਵਿਚ ਰਹਿੰਦੇ ਸਨ ਪਰ ਉਨ੍ਹਾਂ ਦਾ ਜਨਮ ਭੂਮੀ ਨਾਲ ਅਥਾਹ ਪਿਆਰ ਸੀ ।ਉਹ ਚਾਹੁੰਦੇ ਸਨ ਅਮਰੀਕਾ ਵਾਂਗ ਸਾਡੇ ਵੀ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਧੀਆ ਲਾਇਬਰੇਰੀ ਹੋਵੇ ।ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂ ‘ਤੇ ਅਨੰਦ ਮੈਮੋਰੀਅਲ ਚੈਰੀਟੇਬਲ ਟਰੱਸਟ ਬਣਾਇਆ ਤੇ ਇਸ ਲਈ 80 ਲੱਖ ਰੁਪਏ ਦੀ ਰਾਸ਼ੀ ਰੱਖੀ। ਉਨ੍ਹਾਂ 22 ਲੱਖ ਦੀ ਇੱਕ ਬੱਸ ਖ੍ਰੀਦੀ ਤੇ ਇੱਕ ਚਲਦੀ ਫਿਰਦੀ ਲਾਇਬ੍ਰੇਰੀ ਦੀ ਸ਼ੁਰਆਤੂ ਕੀਤੀ ਜਿਸ ਨੂੰ ਪਹੀਆਂ ਵਾਲੀ ਲਾਇਬ੍ਰੇਰੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਇਸ ਭਰਮ ਨੂੰ ਤੋੜਿਆ ਕਿ ਬੱਚੇ ਕਿਤਾਬਾਂ ਨਹੀਂ ਪੜ੍ਹਦੇ।
ਉਨ੍ਹਾਂ ਨੇ ਆਪਣੇ ਪਿੰਡ ਇੱਕ ਬਹੁਤ ਵਧੀਆ ਲਾਇਬ੍ਰੇਰੀ ਖੋਲ੍ਹਣ ਤੋਂ ਇਲਾਵਾ ਕੈਨੇਡਾ ਵਾਸੀ ਸ੍ਰੀ ਜੋਗਿੰਦਰ ਕਲਸੀ ਤੇ ਅਮਰੀਕਾ ਨਿਵਾਸੀ ਸ੍ਰੀ ਬਲਦੇਵ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੇ ਪਿੰਡ ਸੰਘ ਢੇਸੀਆਂ ਲਾਇਬ੍ਰੇਰੀ ਖੋਲ੍ਹਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵਲੋਂ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।ਲੋੜ ਹੈ ਕਿ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ ਬਣਾਕੇ ਪਿੰਡ ਪਿੰਡ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ, ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।