ਸ਼ਰਨਜੀਤ ਸਿੰਘ ਢਿੱਲੋਂ ਨੇ ਭਾਰਤ ਭੂਸ਼ਨ ਆਸ਼ੂ ਨੂੰ ਕਿਹਾ ਕਿ ਉਹ ਖੁਰਾਕ ਘੁਟਾਲੇ ਦੀ ਪਾਰਦਰਸ਼ੀ ਜਾਂਚ ਤੋਂ ਡਰਦਾ ਕਿਉਂ ਹੈ?
ਲੁਧਿਆਣਾ 24 ਮਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਪੰਜਾਬ ਨੂੰ ਭੇਜੀ ਖੁਰਾਕ ਸਮੱਗਰੀ ਦੀ ਵੰਡ ਵਿਚ ਹੋਏ ਹਜ਼ਾਰਾਂ ਕਰੋੜ ਰੁਪਏ ਦੀ ਜਾਂਚ ਲਈ ਇੱਕ ਕੇਂਦਰੀ ਟੀਮ ਨਿਯੁਕਤ ਕਰਨ। ਇਸ ਨੇ ਨਾਲ ਹੀ ਪਾਰਟੀ ਨੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਿਹਾ ਕਿ ਜੇਕਰ ਉਸ ਦੇ ਹੱਥ ਸਾਫ ਹਨ ਤਾਂ ਉਸ ਨੂੰ ਇਸ ਜਾਂਚ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਡਰਨਾ ਨਹੀਂ ਚਾਹੀਦਾ।
ਇਹ ਸੋਚ ਕੇ ਕਾਨੂੰਨ ਉਸ ਤਕ ਨਹੀਂ ਪਹੁੰਚ ਸਕਦਾ, ਝੂਠੀ ਬਹਾਦਰੀ ਵਿਖਾਉਂਦੇ ਹੋਏ ਘਟੀਆ ਬਿਆਨਬਾਜ਼ੀ ਕਰਨ ਲਈ ਭਾਰਤ ਭੂਸ਼ਨ ਆਸ਼ੂ ਨੂੰ ਫਟਕਾਰ ਲਾਉਂਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇੱਕ ਵਾਰ ਇਸ ਸਮੁੱਚੇ ਘੁਟਾਲੇ ਦੀ ਪਾਰਦਰਸ਼ੀ ਜਾਂਚ ਹੋ ਗਈ ਤਾਂ ਤੁਹਾਡੀਆਂ ਸਾਰੀਆਂ ਪੋਲ੍ਹਾਂ ਖੁੱਲ੍ਹ ਜਾਣਗੀਆਂ। ਤੁਹਾਡੇ ਮੰਤਰਾਲੇ ਦੀ ਨਿਗਰਾਨੀ ਵਿਚ ਕੀਤੀ ਗਈ ਇਸ ਵੱਡੀ ਹੇਰਾਫੇਰੀ ਦਾ ਹੁਣ ਜਲਦੀ ਪਰਦਾਫਾਸ਼ ਹੋ ਜਾਵੇਗਾ, ਜਿਸ ਤਹਿਤ ਸੂਬੇ ਦੀ ਲਗਭਗ ਅੱਧੀ ਆਬਾਦੀ 1.4 ਕਰੋੜ ਲੋਕਾਂ ਲਈ ਕੇਂਦਰ ਵੱਲੋਂ ਭੇਜੇ ਰਾਸ਼ਨ ਕਣਕ ਅਤੇ ਦਾਲਾਂ ਦਾ ਇੱਕ ਵੱਡਾ ਹਿੱਸਾ ਕਾਂਗਰਸੀਆਂ ਵੱਲੋਂ ਹੜੱਪ ਲਿਆ ਗਿਆ ਹੈ। ਉਹਨਾਂ ਕਿਹਾ ਕਿ ਫਿਰ ਤੁਹਾਡੀ ਝੂਠੀ ਬਹਾਦਰੀ ਦੀ ਫੂਕ ਨਿਕਲ ਜਾਵੇਗੀ ਅਤੇ ਤੁਹਾਨੂੰ ਇਸ ਹੇਰਾਫੇਰੀ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਭਾਰਤ ਭੂਸ਼ਨ ਆਸ਼ੂ ਨੂੰ ਸਮੁੱਚੀ ਖੁਰਾਕ ਸਮੱਗਰੀ ਦੇ ਭੰਡਾਰ ਦਾ ਆਡਿਟ ਕਰਨ ਅਤੇ ਲੋਕਾਂ 'ਚ ਵੰਡੇ ਰਾਸ਼ਨ ਦਾ ਕੇਂਦਰੀ ਟੀਮ ਵੱਲੋਂ ਜਾਇਜ਼ਾ ਲੈਣ ਲਈ ਸਹਿਮਤੀ ਦੇਣ ਵਾਲਾ ਬਿਆਨ ਜਾਰੀ ਕਰਨ ਦੀ ਚੁਣੌਤੀ ਦਿੰਦਿਆਂ ਸਰਦਾਰ ਢਿੱਲੋਂ ਨੇ ਕਿਹਾ ਕਿ ਉਹ ਇੱਕ ਪਾਰਦਰਸ਼ੀ ਆਡਿਟ ਤੋਂ ਕਿਉਂ ਡਰਦਾ ਹੈ? ਉਹਨਾਂ ਕਿਹਾ ਕਿ ਸਾਫ ਹੈ ਕਿ ਤੁਸੀਂ ਹਜ਼ਾਰਾਂ ਦੀ ਗਿਣਤੀ ਵਿਚ ਰਾਸ਼ਨ ਵੰਡਿਆ ਵਿਖਾਇਆ ਹੈ ਜੋ ਕਿ ਅਸਲੀਅਤ ਵਿਚ ਕਦੇ ਨਹੀਂ ਵੰਡਿਆ। ਉਹਨਾਂ ਕਿਹਾ ਕਿ ਕਣਕ ਅਤੇ ਦਾਲਾਂ ਦੇ ਭੰਡਾਰ ਨੂੰ ਕਾਂਗਰਸੀ ਆਗੂਆਂ ਦੇ ਘਰਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਹੁਣ ਤੁਹਾਨੂੰ ਡਰ ਹੈ ਕਿ ਗਰੀਬਾਂ ਨਾਲ ਕੀਤੇ ਇਸ ਅੱਤਿਆਚਾਰ ਦਾ ਠੋਸ ਸਬੂਤ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ। ਇਸ ਲਈ ਤੁਸੀਂ ਖੁਦ ਨੂੰ ਸੱਚਾ ਸੁੱਚਾ ਕਹਿ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਆਸ਼ੂ ਨਂੂੰ ਇਹ ਯਾਦ ਕਰਵਾਉਂਦਿਆਂ ਕਿ ਉਸ ਨੂੰ ਲੋਕਾਂ ਨੇ ਚੁਣਿਆ ਹੈ, ਅਕਾਲੀ ਆਗੂ ਨੇ ਕਿਹਾ ਕਿ ਇਹ ਗੱਲ ਆਸ਼ੂ ਦਾ ਕਦੇ ਪਿੱਛਾ ਨਹੀਂ ਛੱਡੇਗੀ ਕਿ ਉਸ ਨੇ ਲੱਖਾਂ ਮਜ਼ਦੂਰਾ ਨੂੰ ਰਾਸ਼ਨ ਨਹੀਂ ਵੰਡਿਆ ਅਤੇ ਉਹਨਾਂ ਨੂੰ ਹਫ਼ਤਿਆਂ ਤਕ ਭੁੱਖੇ ਰਹਿਣਾ ਪਿਆ, ਜਿਸ ਕਰਕੇ ਦੀ ਇੱਕ ਦੀ ਮੌਤ ਵੀ ਹੋ ਗਈ ਸੀ। ਉਹਨਾਂ ਕਿਹਾ ਕਿ ਇਹ ਤੁਹਾਡੇ ਵਸ ਵਿਚ ਸੀ ਕਿ ਸੂਬੇ ਦੇ ਖੁਰਾਕ ਦੇ ਭੰਡਾਰ ਖੋਲ੍ਹ ਦਿੰਦੇ ਅਤੇ ਇਹ ਯਕੀਨੀ ਬਣਾਉਂਦੇ ਕਿ ਫੈਕਟਰੀਆਂ ਅਤੇ ਖੇਤੀ ਦੇ ਕੰਮਾਂ ਲਈ ਲੋੜੀਂਦੇ ਲੱਖਾਂ ਪਰਵਾਸੀ ਮਜ਼ਦੂਰਾਂ ਪੰਜਾਬ ਵਿਚ ਹੀ ਰਹਿੰਦੇ। ਪਰ ਅਜਿਹਾ ਕਰਨ ਦੀ ਬਜਾਇ ਤੁਸੀਂ ਲਾਲਚ ਵਿਚ ਆ ਗਏ ਅਤੇ ਇਹ ਖੁਰਾਕ ਸਮੱਗਰੀ ਕਾਂਗਰਸੀਆਂ ਨੂੰ ਹੜੱਪਣ ਦਿੱਤੀ। ਇਸੇ ਕਰਕੇ ਹੁਣ ਤੁਸੀਂ ਇਸ ਹਜ਼ਾਰਾਂ ਕਰੋੜ ਰੁਪਏ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਲਈ ਸਹਿਮਤ ਨਹੀਂ ਹੋ ਰਹੇ ਹੋ।
ਇਸੇ ਦੌਰਾਨ ਸਰਦਾਰ ਢਿੱਲੋਂ ਨੇ ਸ੍ਰੀ ਰਾਮ ਵਿਲਾਸ ਪਾਸਵਾਨ ਨੂੰ ਖੁਰਾਕ ਰਾਹਤ ਘੁਟਾਲੇ ਦੀ ਜਾਂਚ ਵਿਚ ਤੇਜ਼ੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਮੰਤਰਾਲਾ ਪਹਿਲਾਂ ਹੀ ਇਸ ਤੱਥ ਤੋਂ ਜਾਣੂ ਹੈ ਕਿ ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਅਪ੍ਰੈਲ ਦੇ ਮਹੀਨੇ ਕੇਂਦਰ ਕੋਲੋਂ ਹਾਸਿਲ ਕੀਤੀ ਖੁਰਾਕ ਸਮੱਗਰੀ ਦਾ ਸਿਰਫ ਇੱਕ ਫੀਸਦੀ ਹਿੱਸਾ ਵੰਡਿਆ ਸੀ। ਉਹਨਾਂ ਕਿਹਾ ਕਿ ਹੁਣ ਵੀ ਵੰਡ ਦਾ ਕੰਮ ਬਹੁਤ ਢਿੱਲਾ ਅਤੇ ਕੁਪ੍ਰਬੰਧਾਂ ਦਾ ਸ਼ਿਕਾਰ ਹੈ, ਕਿਉਂਕਿ ਇਸ ਸਮੁੱਚੇ ਆਪਰੇਸ਼ਨ ਨੂੰ ਕਾਂਗਰਸੀਆਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।