ਆਧੁਨਿਕ ਤਕਨੀਕ ਨਾਲ ਫੈਲਾ ਰਹੇ ਵਿੱਦਿਆ ਦਾ ਚਾਨਣ
ਗੁਰਦਾਸਪੁਰ, 25 ਮਈ 2020: ਸਿਆਣਿਆਂ ਵੱਲੋਂ ਸ਼ੁਰੂ ਤੋਂ ਹੀ ਇਕ ਕਹਾਵਤ ਕਹੀ ਜਾਂਦੀ ਹੈ " ਜਿੱਥੇ ਚਾਹ, ਉੱਥੇ ਰਾਹ"। ਜੇਕਰ ਇਨਸਾਨ ਇੱਕ ਵਾਰ ਕਿਸੇ ਕੰਮ ਨੂੰ ਰੂਹ ਨਾਲ ਕਰਨ ਦਾ ਪ੍ਰਣ ਕਰ ਲਵੇ ਤਾਂ ਉਹ ਕੰਮ ਕਿਸੇ ਵੀ ਹਾਲਤ ਵਿੱਚ ਸਿਰੇ ਚੜ੍ਹ ਜਾਂਦਾ ਹੈ। ਜਿਹਾ ਹੀ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਆਮ ਤੌਰ ਤੇ ਇੱਕ ਅਧਿਆਪਕ ਇੱਕ ਸਕੂਲ ਵਿੱਚ ਵੱਧ ਤੋਂ ਵੱਧ 30 ਤੋਂ 40 ਵਿਦਿਆਰਥੀਆਂ ਨੂੰ ਪੜਾਉਂਦਾ ਹੈ, ਪਰ ਗੁਰਦਾਸਪੁਰ ਦੇ ਪਿੰਡ ਧਰਮਕੋਟ ਬੱਗਾ ਵਿਖੇ ਬਤੌਰ ਮੈਥ ਅਧਿਆਪਕ ਵਜੋਂ ਤਾਇਨਾਤ ਮਾਸਟਰ ਬਲਜੀਤ ਸਿੰਘ ਇਕੱਲਾ ਹੀ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਚਾਰੇ ਪਾਸੇ ਵਿੱਦਿਆ ਦਾ ਚਾਨਣ ਫੈਲਾ ਰਿਹਾ ਹੈ। ਉੱਥੇ ਦੂਜੇ ਪਾਸੇ ਕੋਰੋਨਾ ਬਿਮਾਰੀ ਦੇ ਕਾਰਨ ਪਿਛਲੇ 2 ਮਹੀਨਿਆਂ ਤੋਂ ਸਕੂਲ ਬੰਦ ਹੋਣ ਕਾਰਨ ਖ਼ਾਸਕਰ ਸਰਕਾਰੀ ਸਕੂਲਾਂ ਵਿਖੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜਾਈ ਪੂਰੀ ਤਰਾਂ ਨਾਲ ਠੱਪ ਹੋ ਚੁੱਕੀ ਹੈ ਅਤੇ ਇਹ ਬੱਚੇ ਆਪਣੀ ਪੜਾਈ ਤੋਂ ਪਿਛੜ ਨਾ ਜਾਣ। ਇਸ ਲਈ ਮਾਸਟਰ ਬਲਜੀਤ ਸਿੰਘ ਨੇ ਸੋਸ਼ਲ ਮੀਡੀਆ ਅਤੇ ਇੱਕ ਸਹਿਯੋਗੀ ਅਧਿਆਪਕ ਦਾ ਸਹਾਰਾ ਲੈਂਦਿਆਂ ਸੋਸ਼ਲ ਮੀਡੀਆ ਵਿਖੇ ਯੂ-ਟਿਊਬ ਰਾਹੀ ਵਿਦਿਆਰਥੀਆਂ ਨੂੰ ਪੜਾਈ ਕਰਵਾਉਣ ਦਾ ਫ਼ੈਸਲਾ ਲਿਆ। ਹੌਲੀ ਹੌਲੀ ਮਾਸਟਰ ਬਲਜੀਤ ਸਿੰਘ ਦੇ ਇਸ ਉੱਪਰਾਲੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਨਾਲ ਹੋਰ ਵਿਦਿਆਰਥੀ ਜੂੜਨੇ ਸ਼ੁਰੂ ਹੋ ਗਏ ਅਤੇ ਇਸ ਸਮੇਂ ਹੱਗੋ ਵਿਦਿਆਰਥੀ ਬਲਜੀਤ ਸਿੰਘ ਵੱਲੋਂ ਯੂ ਟਿਊਬ ਉੱਪਰ ਅੱਪਲੋਡ ਕੀਤੇ ਲੈਸਨਾਂ ਨੂੰ ਸੁਣ ਕੇ ਉਸ ਦਾ ਲਾਭ ਲੈ ਰਹੇ ਹਨ।
ਮਾਸਟਰ ਬਲਜੀਤ ਸਿੰਘ ਨਾਲ ਗੱਲ ਬੱਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਦੋ ਮਹੀਨਿਆਂ ਤੋਂ ਸ਼ੁਰੂ ਹੋਏ ਲਾਕਡਾਊਨ ਦੌਰਾਨ ਸਕੂਲ ਪੂਰੀ ਤਰਾਂ ਨਾਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਖ਼ਰਾਬ ਹੋ ਰਹੀ ਸੀ ਅਤੇ ਉਹ ਆਪਣੇ ਸਿਲੇਬਸ 'ਚ ਪਿਛੜ ਰਹੇ ਸਨ। ਜਿਸ ਤੋਂ ਬਾਦ ਬਲਜੀਤ ਸਿੰਘ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਬਾਤ ਕਰਨ ਉੱਪਰੰਤ ਸੋਸ਼ਲ ਮੀਡੀਆ ਉੱਪਰ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ। ਜਿਸ ਨਾਲ ਪਹਿਲਾਂ ਤਾਂ ਸਕੂਲ ਦੇ ਵਿਦਿਆਰਥੀ ਜੁੜਨੇ ਸ਼ੁਰੂ ਹੋਏ ਅਤੇ ਬਾਦ ਵਿੱਚ ਬਾਕੀ ਸਕੂਲਾਂ ਦੇ ਵਿਦਿਆਰਥੀ ਵੀ ਇਸ ਚੈਨਲ ਨਾਲ ਜੁੜ ਕੇ ਇੱਕ ਤਰੀਕੇ ਨਾਲ ਮੈਥ ਦੀ ਟਿਊਸ਼ਨ ਪ੍ਰਾਪਤ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਉਨ੍ਹਾਂ ਦੀ ਇੱਕ ਵਿਸ਼ੇਸ਼ ਟੀਮ ਸਿਲੇਬਸ ਦੇ ਹਿਸਾਬ ਨਾਲ ਪੇਪਰ ਵਰਕ ਤਿਆਰ ਕਰਦੀ ਹੈ ਅਤੇ ਬਲਜੀਤ ਸਿੰਘ ਆਪ ਉਸ ਨੂੰ ਆਪਣੇ ਸਹਾਇਕ ਅਧਿਆਪਕ ਬਲਰਾਮ ਸਿੰਘ ਦੀ ਸਹਾਇਤਾ ਨਾਲ ਬਾਕਾਇਦਾ ਇੱਕ ਪ੍ਰੋਗਰਾਮ ਤਿਆਰ ਕਰ ਕੇ ਯੂ-ਟਿਊਬ ਉੱਪਰ ਅੱਪਲੋਡ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਫ਼ਿਲਹਾਲ ਛੇਵੀਂ ਤੋਂ ਲੈ ਕੇ ਬਾਹਰ ਵੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਪੜਾ ਰਹੇ ਹਨ ਅਤੇ ਇਸ ਸਮੇਂ 10 ਬਾਹਰੀ ਦੇ ਕਰੀਬ ਵਿਦਿਆਰਥੀ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ। ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆਪ ਐਂਕਰਿੰਗ ਕਰਦਿਆਂ ਬੱਚਿਆਂ ਨੂੰ ਮੈਥ ਵਿਸ਼ਾ ਐਕਪਲੇਨ ਕਰਦੇ ਹਨ ਅਤੇ ਉਨ੍ਹਾਂ ਦੇ ਸਹਾਇਕ ਅਧਿਆਪਕ ਬਲਰਾਮ ਇਸ ਸਬ ਨੂੰ ਮੋਬਾਈਲ ਉੱਪਰ ਕੈਪਚਰ ਕਰ ਕੇ ਉਸ ਨੂੰ ਯੂ ਟਿਊਬ ਚੈਨਲ ਉੱਪਰ ਅੱਪਲੋਡ ਕਰ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਆਪਣਾ ਮੈਥ ਦਾ ਲੈਕਚਰ ਰਿਕਾਰਡ ਕਰ ਕੇ ਵਟਸਐਪ ਤੇ ਵਿਦਿਆਰਥੀਆਂ ਨਾਲ ਸਾਂਝਾ ਕਰਦੇ ਸਨ, ਪਰ ਕਈ ਵਾਰ ਉਹ ਲੈਕਚਰ ਲੰਮਾ ਹੋਣ ਕਾਰਨ ਵਸਟਐਪ ਰਾਹੀਂ ਵਿਦਿਆਰਥੀਆਂ ਤੱਕ ਪੂਰਾ ਨਹੀਂ ਪਹੁੰਚ ਪਾਉਂਦਾ ਸੀ। ਜਿਸ ਦੇ ਹੱਲ ਵਜੋਂ ਉਨ੍ਹਾਂ ਨੇ ਯੂ-ਟਿਊਬ ਤੇ ਆਪਣਾ ਚੈਨਲ ਤਿਆਰ ਕੀਤਾ, ਜਿਸ ਦਾ ਨਾਮ ਸਰਕਾਰੀ ਮੈਥਸ ਮਾਸਟਰ, ਬਲਜੀਤ ਸਿੰਘ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਇਹ ਤਰੀਕਾ ਵੱਟਸਐਪ ਨਾਲੋਂ ਬਿਹਤਰ ਲੱਗਾ। ਉਨ੍ਹਾਂ ਦੱਸਿਆ ਕਿ ਯੂ-ਟਿਊਬ ਚੈਨਲ ਰਾਹੀਂ ਵਿਦਿਆਰਥੀਆਂ ਨੂੰ ਕਾਫ਼ੀ ਅਸਾਨੀ ਹੋਣ ਲੱਗੀ ਅਤੇ ਵਿਦਿਆਰਥੀਆਂ ਵੱਲੋਂ ਇਹਨਾਂ ਲੈਕਚਰਾਂ ਨੂੰ ਬਾਕੀ ਸਕੂਲਾਂ ਦਿਆਂ ਵਿਦਿਆਰਥੀਆਂ ਨਾਲ ਸ਼ੇਅਰ ਕੀਤਾ ਜਾਣ ਲੱਗਾ। ਜਿਸ ਤੋਂ ਬਾਦ ਹੋਰ ਸਕੂਲਾਂ ਦੇ ਵਿਦਿਆਰਥੀ ਵੀ ਇਸ ਯੂ-ਟਿਊਬ ਚੈਨਲ ਨਾਲ ਜੁੜਨੇ ਸ਼ੁਰੂ ਹੋ ਗਏ ਅਤੇ ਇਸ ਸਮੇਂ ਦੌਰਾਨ ਹਜ਼ਾਰਾਂ ਵਿਦਿਆਰਥੀ ਇਸ ਉਪਰਾਲੇ ਦਾ ਫ਼ਾਇਦਾ ਲੈਂਦਿਆਂ ਆਪਣਾ ਮੈਥ ਦਾ ਸਿਲੇਬਸ ਪੂਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਚੈਨਲ ਉੱਪਰ ਸਵੇਰੇ 8: 50 ਤੋਂ 6 ਵੀਂ ਤੋਂ ਲੈ ਕੇ 12 ਵੀਂ ਤੱਕ 7 ਜਮਾਤਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ।
ਮਾਸਟਰ ਬਲਜੀਤ ਸਿੰਘ ਦਾ ਮੰਨਣਾ ਹੈ ਕਿ ਆਮ ਲੋਕਾਂ ਵੱਲੋਂ ਹਿਸਾਬ ਦੇ ਵਿਸ਼ੇ ਨੂੰ ਹਊਆ ਮੰਨਿਆ ਜਾਂਦਾ ਹੈ, ਪਰ ਜੇਕਰ ਇਸ ਨੂੰ ਸਹੀ ਢੰਗ ਨਾਲ ਐਕਸਪਲੇਨ ਕੀਤਾ ਜਾਵੇ, ਤਾਂ ਵਿਦਿਆਰਥੀ ਇਸ ਨੂੰ ਜਲਦੀ ਅਤੇ ਠੀਕ ਢੰਗ ਨਾਲ ਸਮਝ ਸਕਦੇ ਹਨ।