ਆਖਰੀ ਪਿੰਡ ਗੁਣਾਚੌਰ ’ਚੋਂ ਵੀ ਪਾਬੰਦੀਆਂ ਹਟਾਈਆਂ ਗਈਆਂ
ਨਵਾਂਸ਼ਹਿਰ, 25 ਮਈ 2020: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਸੋਮਵਾਰ ਦੋਹਰੀ ਖੁਸ਼ੀ ਵਾਲਾ ਸਾਬਤ ਹੋਇਆ। ਕੋਵਿਡ ਤੋਂ ਮੁਕਤੀ ਦੇ ਬਾਅਦ ਜ਼ਿਲ੍ਹਾ ਕੰਨਟੇਨਮੈਂਟ ਪਲਾਨ ਤੋਂ ਵੀ ਮੁਕਤ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਮ ਨੂੰ ਜ਼ਿਲ੍ਹੇ ਦੇ ਪਾਬੰਦੀਆਂ ਅਧੀਨ ਆਖਰੀ ਪਿੰਡ ਗੁਣਾਚੌਰ ਨੂੰ ਵੀ ਪਾਬੰਦੀਆਂ ਤੋਂ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਗੁਣਾਚੌਰ ’ਚੋਂ ਇੱਕ ਤੋਂ ਬਾਅਦ ਇੱਕ, ਦੋ ਪਾਜ਼ਿਟਿਵ ਕੇਸ ਨਿਕਲ ਆਉਣ ਬਾਅਦ, ਪਿੰਡ ’ਚੋਂ ਬਿਮਾਰੀ ਨੂੰ ਲਾਗਲੇ ਪਿੰਡਾਂ ਤੱਕ ਫੈਲਣ ਤੋਂ ਰੋਕਣ ਲਈ ਇਸ ਨੂੰ ਸੀਲ ਕਰਨਾ ਪਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਬਾਕੀ 23 ਪਿੰਡਾਂ (ਸਮੇਤ ਬੰਗਾ ਦਾ ਸ਼ਕਤੀ ਨਗਰ) ਨੂੰ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਤਾਂ ਇਸ ਪਿੰਡ ਤੋਂ ਵੀ ਪਾਬੰਦੀਆਂ ਨੂੰ ਹਟਾਉਣ ਬਾਰੇ ਵਿਚਾਰ ਕੀਤੀ ਗਈ ਪਰੰਤੂ ਸਿਹਤ ਵਿਭਾਗ ਵੱਲੋਂ ਆਪਣੀ ਸਕ੍ਰੀਨਿੰਗ ਮੁਕੰਮਲ ਨਾ ਹੋਣ ਦੀ ਮਜਬੂਰੀ ਦੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁੱਝ ਦਿਨ ਆਪਣੇ ਫ਼ੈਸਲੇ ਨੂੰ ਅੱਗੇ ਪਾਉਣਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਵੱਲੋਂ ਇਸ ਪਿੰਡ ਨੂੰ ‘ਕੰਨਟੇਨਮੈਂਟ ਜ਼ੋਨ’ ’ਚੋਂ ਮੁਕਤ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਬਾਅਦ, ਅੱਜ ਜ਼ਿਲ੍ਹੇ ਦੇ ਇਸ ਆਖਰੀ ਪਿੰਡ ਨੂੰ ਵੀ ਕੰਨਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇੱਕ ਸ਼ਹਿਰੀ ਮੁਹੱਲੇ ਸਮੇਤ ਕੁੱਲ 24 ਪਿੰਡਾਂ ਨੂੰ ਕੰਨਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਦੇ ਘੇਰੇ ’ਚ ਲਿਆਉਣਾ ਪਿਆ ਸੀ, ਜਿਨ੍ਹਾਂ ’ਚੋਂ ਪਠਲਾਵਾ ਸਮੇਤ 15 ਪਿੰਡ ਜ਼ਿਲ੍ਹੇ ’ਚ ਪਹਿਲੇ ਪੜਾਅ ’ਚ ਨਿਕਲੇ ਕੇਸਾਂ ਕਾਰਨ ਪਾਬੰਦੀਆਂ ਹੇਠ ਲਿਆਂਦੇ ਗਏ ਸਨ ਜਦਕਿ ਬਾਕੀ ਦੇ 9 ਪਿੰਡ 25 ਅਪਰੈਲ ਨੂੰ ਜ਼ਿਲ੍ਹੇ ’ਚ ਜੰਮੂ ਤੋਂ ਪਰਤੇ ਇੱਕ ਡਰਾਇਵਰ ਦੇ ਪਾਜ਼ਿਟਿਵ ਆਉਣ ਬਾਅਦ ਕੋਵਿਡ ਕੇਸਾਂ ਦੀ ਹੋਰਨੀਂ ਥਾਈਂ ਤੁਰੀ ਅਗਲੀ ਲੜੀ ਤਹਿਤ ਲਿਆਉਣੇ ਪਏ ਸਨ।
ਡਿਪਟੀ ਕਮਿਸ਼ਨਰ ਅਨੁਸਾਰ ‘ਕੰਨਟੇਨਮੈਂਟ ਜ਼ੋਨ’ ਤਹਿਤ ਕਿਸੇ ਇਲਾਕੇ ਨੂੰ ਲਿਆਉਣ ਦਾ ਮਕਸਦ, ਉਸ ਪਿੰਡ/ਵਾਰਡ ਦੇ ਵਸਨੀਕਾਂ ਦੀ ਗਤੀਵਿਧੀ ਨੂੰ ਉਸੇ ਪਿੰਡ/ਵਾਰਡ ਤੱਕ ਸੀਮਿਤ ਕਰਕੇ, ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣਾ ਹੁੰਦਾ ਹੈ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪੂਰੀ ਤਰ੍ਹਾਂ ਕਾਰਗਰ ਤਰੀਕਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕਿਸੇ ਵੀ ਇਲਾਕੇ ਦੇ ਕੰਨਟੇਨਮੈਂਟ ਜ਼ੋਨ ਤਹਿਤ ਆਉਣ ਦੀਆਂ ਸ਼ਰਤਾਂ ’ਚ ਬਦਲਾਅ ਕੀਤੇ ਜਾਣ ਬਾਅਦ ਜ਼ਿਲ੍ਹੇ ਦੇ ਕੰਨਟੇਨਮੈਂਟ ਜ਼ੋਨ ਤਹਿਤ ਆਏ ਬਾਕੀ ਦੇ ਪਿੰਡਾਂ ਨੂੰ ਵੀ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਘੱਟੋ-ਘੱਟ 15 ਮਾਮਲੇ ਆਉਣ ’ਤੇ ਹੀ ਸਬੰਧਤ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ’ਚ ਲਿਆਉਣ ਦੀ ਸੇਧ ਤੈਅ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕੋਵਿਡ ਮੁਕਤ ਹੋਣ ਦੇ ਨਾਲ ਹੀ ਕੰਨਟੇਨਮੈਂਟ ਜ਼ੋਨ ਮੁਕਤ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਕੋਵਿਡ ਤਹਿਤ ਨਿਰਧਾਰਤ ਪ੍ਰੋਟੋਕਾਲ ਜਿਵੇਂ ਕਿ ਮੂੰਹ ’ਤੇ ਮਾਸਕ, ਹੱਥ ਵਾਰ-ਵਾਰ ਧੋਣੇ ਜਾਂ ਸੈਨੇਟਾਈਜ਼ ਕਰਨੇ, ਸੋਸ਼ਲ ਡਿਸਟੈਂਸਿੰਗ ਰੱਖਣਾ, ਜਨਤਕ ਥਾਂਵਾਂ ’ਤੇ ਬਿਲਕੁਲ ਨਾ ਥੁੱਕਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਵੀ ਕੀਤੀ।
ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜੇ ਜਾਣ ਦੀ ਵਚਨਬੱਧਤਾ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 578 ਪ੍ਰਵਾਸੀ ਬੱਸਾਂ ਰਾਹੀਂ ਜਲੰਧਰ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਕੀਤੇ ਗਏ। ਇਹ ਸਾਰੇ ਵਿਅਕਤੀ ਉੱਥੋਂ ਬਿਹਾਰ ਦੀ ਟ੍ਰੇਨ ਰਾਹੀਂ ਆਪੋ-ਆਪਣੇ ਇਲਾਕਿਆਂ ਨੂੰ ਪੁੱਜਣਗੇ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਨਵਾਂਸ਼ਹਿਰ ਤੋਂ 103 ਪ੍ਰਵਾਸੀ ਬਿਹਾਰ ਦੇ ਪੁਰਨੀਆਂ, 112 ਪ੍ਰਵਾਸੀ ਬਿਹਾਰ ਦੇ ਹੀ ਸਿਵਾਨ ਲਈ ਰਵਾਨਾ ਕੀਤੇ ਗਏ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਬਲਾਚੌਰ ਤੋਂ 160 ਪ੍ਰਵਾਸੀ ਜਲੰਧਰ ਰੇਲਵੇ ਸਟੇਸ਼ਨ ਤੋਂ ਸਿਵਾਨ ਜਾਣ ਲਈ ਰਵਾਨਾ ਕੀਤੇ ਗਏ।
ਐਸ ਡੀ ਐਮ ਬੰਗਾ ਦੀਪਜੋਤ ਕੌਰ ਅਨੁਸਾਰ ਬੰਗਾ ਤੋਂ ਅੱਜ 137 ਪ੍ਰਵਾਸੀ ਪੁਰਨੀਆਂ ਅਤੇ 66 ਮਧੂਬਨੀ ਜਾਣ ਲਈ ਰੇਲਵੇ ਸਟੇਸ਼ਨ ਜਲੰਧਰ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚੋਂ ਆਪਣੇ ਰਾਜਾਂ ਨੂੰ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2616 ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਰਾਜਾਂ ਤੱਕ ਪਹੁੰਚਾਉਣ ਲਈ ਸਬੰਧਤ ਰੇਲਵੇ ਸਟੇਸ਼ਨ ਤੱਕ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।