← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 25 ਮਈ 2020: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਸੇਵਾਵਾਂ ਨਿਭਾ ਰਹੇ ਠੇਕਾ ਮੁਲਾਜਮਾਂ ਵੱਲੋਂ ਦਿੱਤੀ ਟੈਂਕੀਆਂ ਤੇ ਚੜ ਕੇ ਸੰਘਰਸ਼ ਕਰਨ ਦੀ ਧਮਕੀ ਨੂੰ ਦੇਖਦਿਆਂ ਜਿਲਾ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਕਰੋਨਾ ਵਾਇਰਸ ਦੇ ਸੰਕਟ ਦੌਰਾਨ ਭਾਵੇਂ ਜੱਥੇਬੰਦੀਆਂ ਨੇ ਪਹਿਲਾਂ ਵੀ ਸਰਕਾਰ ਖਿਲਾਫ ਲੜਾਈ ਲੜੀ ਹੈ ਪਰ ਪਹਿਲੀ ਵਾਰ ਹੋਇਆ ਹੈ ਕਿ ਕੋਈ ਜੱਥੇਬੰਦੀ ਇਸ ਤਰਾਂ ਦੀ ਲੜਾਈ ਲੜਨ ਜਾ ਰਹੀ ਹੈ। ਮਾਮਲੇ ਦਾ ਵਿਸ਼ੇਸ਼ ਪਹਿਲੂ ਹੈ ਕਿ ਠੇਕਾ ਮੁਲਾਜਮਾਂ ਦੀ ਹੋਰ ਵੀ ਦਰਜਨਾਂ ਜੱਥੇਬੰਦੀਆਂ ਨੇ ਹਮਾਇਤ ਕਰ ਦਿੱਤੀ ਹੈ। ਸਥਿਤੀ ਦਾ ਜਾਇਜਾ ਲੈਣ ਉਪਰੰਤ ਜਿਲਾ ਪੁਲਿਸ ਹਾਲਾਤਾਂ ਨਾਲ ਨਿਪਟਣ ਲਈ ਮੁਸਤੈਦ ਹੋ ਗਈ ਹੈ। ਹਾਲਾਂਕਿ ਕਿਸੇ ਅਧਿਕਾਰੀ ਨੇ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਜਿਲਾ ਮੈਜਿਸਟਰੇਟ ਵੱਲੋਂ ਟੈਂਕੀਆਂ ਸਮੇਤ ਉੱਚੀਆਂ ਥਾਵਾਂ ਤੇ ਚੜਨ ਤੇ ਪਾਬੰਦੀ ਲਾਈ ਜਾ ਸਕਦੀ ਹੈ। ਇਸ ਪਾਬੰਦੀ ਦੀ ਰੌਸ਼ਨੀ ’ਚ ਪੁਲਿਸ ਵੱਲੋਂ ਜੱਥੇਬੰਦੀ ਦੇ ਆਗੂਆਂ ਦੀਆਂ ਗਿ੍ਰਫਤਾਰੀਆਂ ਦਾ ਚੱਕਰ ਵੀ ਚਲਾਇਆ ਜਾ ਸਕਦਾ ਹੈ। ਸੂਤਰ ਦੱਸਦੇ ਹਨ ਜਿਲਾ ਪੁਲਿਸ ਨੇ ਸਮੂਹ ਥਾਣਾ ਇੰਚਾਰਜਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਅਤੇ ਉੱਚੀਆਂ ਇਮਾਰਤਾਂ ‘ਤੇ ਨਿਗਰਾਨੀ ਤੇਜ ਕਰਨ ਦੀ ਹਦਾਇਤ ਦਿੱਤੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਖੁਫੀਆ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜਿੰਨਾਂ ਸੰਘਰਸ਼ੀ ਧਿਰਾਂ ਵੱਲੋਂ ਪਾਣੀ ਦੀਆਂ ਟੈਂਕੀਆਂ ‘ਤੇ ਚੜਨ ਦੀ ਰਣਨੀਤੀ ਘੜੀ ਗਈ ਹੈ ਉਹ ਕਬਜਾ ਜਮਾ ਕੇ ਅਮਨ ਕਾਨੂੰਨ ਲਈ ਸੰਕਟ ਪੈਦਾ ਕਰ ਸਕਦੀਆਂ ਹਨ। ਸੂਤਰਾਂ ਮੁਤਾਬਕ ਬਠਿੰਡਾ ਦੀ ਗੋਲ ਡਿੱਗੀ ਲਾਗੇ ਬਣੀ ਟੈਂਕੀ ਸਮੇਤ ਕਰੀਬ ਇੱਕ ਦਰਜਨ ਅਜਿਹੀਆਂ ਟੈਂਕੀਆਂ ਹਨ ਜਿੰਨਾਂ ਦੀ ਪੁਲੀਸ ਨੇ ਹਾਈਪ੍ਰਸੈਂਸਟਿਵ ਵਜੋਂ ਸ਼ਿਨਾਖਤ ਕੀਤੀ ਹੈ । ਸੂਤਰਾਂ ਮੁਤਾਬਕ ਪੁਲੀਸ ਨੇ ਉਨਾਂ ਟੈਂਕੀਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਜੋ ਜਲ ਘਰ ਮੁੱਖ ਸੜਕਾਂ ਦੇ ਨੇੜੇ ਪੈਂਦੇ ਹਨ ਕਿਉਂਕਿ ਪੁਲੀਸ ਨੂੰ ਪਹਿਲਾਂ ਵੀ ਕਈ ਔਖੇ ਮੌਕਿਆਂ ‘ਚੋਂ ਲੰਘਣਾ ਪਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ‘ਚ ਤਾਂ ਇੰਨਾਂ ਪੇਂਡੂ ਜਲ ਘਰਾਂ ਦੀਆਂ ਟੈਂਕੀਆਂ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਸਤੇ ਅਕਸਰ ਵਰਤਿਆ ਗਿਆ ਹੈ ਜਿਸ ਕਰਕੇ ਵੀ ਪੁਲਿਸ ਡਰੀ ਹੋਈ ਹੈ । ਕਈ ਥਾਣਿਆਂ ਦੀ ਪੁਲਿਸ ਨੇ ਤਾਂ ਪਿੰਡਾਂ ਵਿਚਲੇ ਆਪਣੇ ਸੂਹੀਏ ਵੀ ਸਰਗਰਮ ਕਰ ਦਿੱਤੇ ਹਨ ਜੋਕਿ ਕਿਸੇ ਹੰਗਾਮੀ ਸਥਿਤੀ ਦੌਰਾਨ ਪੁਲਿਸ ਨੂੰ ਫੌਰੀ ਤੌਰ ਤੇ ਜਾਣਕਾਰੀ ਦੇਣਗੇ। ਸੂਤਰਾਂ ਮੁਤਾਬਕ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਨੇ ਕਈ ਜਲ ਘਰਾਂ ਦੀਆਂ ਟੈਂਕੀਆਂ ਦੀਆਂ ਪੌੜੀਆਂ ਤੇ ਲੱਗੀ ਵਾੜ ਦੀ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਹਨ ਤਾਂ ਕਿ ਕੋਈ ਵੀ ਸੰਘਰਸ਼ਸ਼ੀਲ ਧਿਰ ਟੈਂਕੀ ‘ਤੇ ਨਾ ਚੜ ਸਕੇ। ਪਤਾ ਲੱਗਿਆ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੇ ਪ੍ਰਾਈਵੇਟ ਉੱਚੀਆਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਮੁਸਤੈਦੀ ਵਰਤਣ ਲਈ ਆਖਿਆ ਹੈ। ਪ੍ਰਸ਼ਾਸ਼ਨ ਨੂੰ ਫਿਕਰ ਹੈ ਕਿ ਫਰਵਰੀ 2014 ‘ਚ ਈਜੀਐਸ ਵਲੰਟੀਅਰ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾਕੇ ਸ਼ਹਿਰ ਦੇ ਵਿਚਕਾਰ ਬਣੀ ਟੈਂਕੀ ਤੇ ਚੜ ਗਏ ਸਨ। ਇਸ ਤੋਂ ਬਾਅਦ ਬਠਿੰਡਾ ਜਿਲੇ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਜਲ ਘਰ ਦੀ ਟੈਂਕੀ ਵੀ ਸੰਘਰਸ਼ੀ ਲੋਕਾਂ ਦਾ ਨਿਸ਼ਾਨਾ ਬਣੀ ਸੀ ਤਾਂ ਪਿੰਡ ਭੋਖੜਾ ਅਤੇ ਬੁਲਾਢੇ ਵਾਲਾ ਤੋਂ ਇਲਾਵਾ ਜੈ ਸਿੰੰਘ ਵਾਲਾ ਅਤੇ ਤਲਵੰੰੰੰਡੀ ਸਾਬੋ ’ਚ ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਅਤੇ ਪੁਲਿਸ ਨੂੰ ਲੰਮਾਂ ਸਮਾਂ ਵਖਤ ਪਾਈ ਰੱਖਿਆ ਸੀ। ਹੁਣ ਤਾਜਾ ਮਾਮਲਾ ਠੇਕਾ ਮੁਲਾਜਮ ਮੋਰਚਾ ਦੇ ਥਾਪੜੇ ਉਪਰੰਤ ਸਾਹਮਣੇ ਆਏ ਜਲ ਸਪਲਾਈ ਠੇਕਾ ਮੁਲਾਜਮਾਂ ਦਾ ਹੈ ਜਿੰਨਾਂ ਨੇ ਮੁੜ ਤੋਂ ਸਰਕਾਰ ਖਿਲਾਫ ਝੰਡਾ ਚੁੱਕਿਆ ਹੋਇਆ ਹੈ। ਮੁਲਾਜਮ ਆਖਦੇ ਹਨ ਕਿ ਸਰਕਾਰ ਦੀਆਂ ਕਥਿਤ ਮਾੜੀਆਂ ਨੀਤੀਆਂ ਕਾਰਨ ਟੈਂਕੀਆਂ ਤੇ ਚੜਨ ਲਈ ਮਜਬੂਰ ਹੋਣਾ ਪਿਆ, ਵਰਨਾ ਕਿਸੇ ਨੂੰ ਮੌਤ ਸਹੇੜਨ ਦਾ ਸ਼ੌਕ ਨਹੀਂ ਹੈ। ਧੱਕਾ ਕਰ ਰਹੀ ਹੈ ਸਰਕਾਰ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜਮਾਂ ਦੀ ਯੂਨੀਅਨ ਦੇ ਜਰਨਲ ਸਕੱਤਰ ਇੰਦਰਜੀਤ ਸਿੰਘ ਮਾਨਸਾ ਦਾ ਕਹਿਣਾ ਸੀ ਕਿ ਉਨਾਂ ਨੂੰ 10 ਤੋਂ 15 ਸਾਲ ਸੇਵਾਵਾਂ ਨਿਭਾਉਂਦਿਆਂ ਹੋ ਗਏ ਹਨ ਜਿਸ ਦੇ ਅਧਾਰ ਤੇ ਉਨਾਂ ਨੂੰ ਰੈਗੂਲਰ ਕਰਨਾ ਬਣਦਾ ਹੈ। ਉਨਾਂ ਦੱਸਿਆ ਸਾਡੀਆਂ ਸੇਵਾਵਾਂ ਨੂੰ ਘੱਟੇ ਪਾਕੇ ਸਰਕਾਰ ਸਾਨੂੰ ਆਊਟਸੋਰਸਿੰਗ ਏਜੰਸੀ ਤਹਿਤ ਲਿਆਉਣ ਦੇ ਚੱਕਰ ’ਚ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਉਨਾਂ ਦੱਸਿਆ ਕਿ ਟੈਂਕੀਆਂ ਨਾਲੋਂ ਉਨਾਂ ਦੀ ਰੁਜਗਾਰ ਵਾਲੀ ਮਜਬੂਰੀ ਉੱਚੀ ਇਸ ਲਈ ਉਚਾਈ ਤੋਂ ਭੈਅ ਨਹੀਂ ਆਉਂਦਾ ਹੈ। ਉਨਾਂ ਕਿਹਾ ਕਿ ਸਰਕਾਰ ਦੀ ਮਾੜੀ ਨੀਤੀ ਉਨਾਂ ਨੂੰ ਜਾਨ ਹੂਲਵੇਂ ਸੰਘਰਸ਼ ਵੱਲ ਧੱਕ ਰਹੀ ਹੈ। ਅਮਨ ਕਾਨੂੰਨ ਲਈ ਲੁੜੀਂਦੇ ਕਦਮ : ਐਸਐਸਪੀ ਸੀਨਂਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਅਮਨ ਕਾਨੂੰਨ ਬਹਾਲ ਰੱਖਣ ਲਈ ਲੁੜੀਂਦੇ ਕਦਮ ਚੁੱਕੇਗੀ ਜਿਸ ਲਈ ਸਥਿਤੀ ਦੇ ਹਿਸਾਬ ਨਾਲ ਫੈਸਲੇ ਲਏ ਜਾਣਗੇ। ਸਰਕਾਰ ਠੇਕਾ ਮੁਲਾਜਮ ਪੱਕੇ ਕਰੇ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਠੇਕਾ ਮੁਲਾਜਮ ਪੱਕੇ ਕਰੇ। ਉਨਾਂ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਏਨਾ ਤਰੱਦਦ ਤਾਂ ਕਦੇ ਜਲ ਘਰਾਂ ਨੂੰ ਚਲਾਉਣ ਵਾਸਤੇ ਨਹੀਂ ਕੀਤਾ ਗਿਆ ਜਿਨਾਂ ਹੁਣ ਸੰਘਰਸ਼ਸ਼ੀਲ ਧਿਰਾਂ ਤੋਂ ਡਰਦਿਆਂ ਕੀਤਾ ਜਾ ਰਿਹਾ ਹੈ।
Total Responses : 266