ਲਾਭਪਾਤਰੀਆਂ ਨੂੰ 5 ਕਿੱਲੋ ਕਣਕ ਪ੍ਰਤੀ ਮੈਂਬਰ ਪ੍ਰਤੀ ਮਹੀਨਾ, 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਮੁਹੱਈਆ ਕਰਵਾਈ ਗਈ
ਐਸ.ਏ.ਐੱਸ. ਨਗਰ, 26 ਮਈ 2020: ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਲਾਭ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਕੀਮ ਅਨੁਸਾਰ ਰਜਿਸਟਰਡ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਕਿੱਲੋ 5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਰਾਹੀਂ ਪ੍ਰਕਿਰਿਆ ਦੀ ਬਾਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਰਾਸ਼ਨ ਦੀ ਸਹੀ ਵੰਡ ਹੋ ਸਕੇ।
ਉਨ੍ਹਾਂ ਕਿਹਾ ਕਿ ਡਿਪੂ ਧਾਰਕਾਂ ਦੀ ਗੁਣਾਤਮਕ ਅਤੇ ਮਾਤਰਾ ਸਬੰਧੀ ਜਾਂਚ ਨੂੰ ਕਿਸੇ ਵੀ ਗਲਤ ਵਿਵਹਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨਾਲ ਯਕੀਨੀ ਬਣਾਇਆ ਗਿਆ। ਸਿਰਫ ਇਹ ਹੀ ਨਹੀਂ, ਬਲਕਿ ਖੁਰਾਕ ਅਤੇ ਸਿਵਲ ਸਪਲਾਈ ਦੀਆਂ ਟੀਮਾਂ ਰਾਸ਼ਨ ਵੰਡਣ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਵਿਸ਼ਾਲ ਅਭਿਆਸ ਨੂੰ ਉਤਮ ਢੰਗ ਨਾਲ ਪੂਰਾ ਕਰਨ ਲਈ ਬਣਾਈਆਂ ਗਈਆਂ ਟੀਮਾਂ ਲੋੜੀਂਦੇ ਨਤੀਜੇ ਪੇਸ਼ ਕਰ ਰਹੀਆਂ ਹਨ ਅਤੇ ਜਲਦੀ ਹੀ ਸਾਰੇ ਸਮਾਰਟ ਕਾਰਡ ਧਾਰਕਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਅੱਜ, ਪਿੰਡ ਦਿਆਲਪੁਰਾ, ਭਬਾਤ, ਨਾਗਲਾ, ਦੇਵੀਨਗਰ, ਡੇਰਾਬਸੀ (ਸ਼ਹਿਰੀ), ਅਮਲਾਲਾ, ਤ੍ਰਿਵੇਦੀ ਕੈਂਪ, ਲਾਲੜੂ ਅਰਬਨ, ਟੋਹਫਾਪੁਰ, ਖਜੌਰ ਮੰਡੀ, ਡੇਰਾਬਸੀ ਬਲਾਕ ਵਿਚ ਆਂਗਣਪੁਰ, ਪਿੰਡ ਟਾਂਡਾ, ਮੁਧੋ ਸੰਗਤੀਆਂ, ਗੋਸਲਾਂ, ਫਤਿਹਗੜ ਦੁਸਾਰਨਾ, ਮੁੰਡੀ ਖਰੜ, ਖਰੜ ਬਲਾਕ ਵਿੱਚ ਖਿਜ਼ਰਬਾਦ, ਬਲੌਂਗੀ, ਮਨੌਲੀ ਸੂਰਤ, ਮੱਕੜਾਂ, ਪਾਤੜਾਂ, ਚੁਡਿਆਲਾ, ਬੈਰਾਮਪੁਰ ਅਤੇ ਮੁਹਾਲੀ ਬਲਾਕ ਵਿੱਚ ਸ਼ਾਮਪੁਰ ਮਨੌਲੀ ਵਿਖੇ ਰਾਸ਼ਨ ਵੰਡਿਆ ਗਿਆ ਅਤੇ ਲਗਭਗ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ।