ਤਕਰੀਬਨ 77 ਫ਼ੀਸਦ ਮੌਤਾਂ ਅੰਤਰਿਮ ਪੜਾਅ ਵਾਲੇ ਸਹਿ-ਰੋਗ ਦੇ ਨਤੀਜੇ ਕਾਰਨ ਹੋਈਆਂ -ਅਨੁਰਾਗ ਅਗਰਵਾਲ
ਚੰਡੀਗੜ੍ਹ, 28 ਮਈ 2020: ਦੇਸ਼ ਭਰ ਵਿਚ ਸਭ ਤੋਂ ਵੱਧ 91 ਫ਼ੀਸਦੀ ਰਿਕਵਰੀ ਦਰਜ ਕਰਨ ਤੋਂ ਇਲਾਵਾ, ਪੰਜਾਬ ਮੌਤ ਦਰ ਨੂੰ ਵੀ ਸਭ ਤੋਂ ਘੱਟ 1.3 ਫ਼ੀਸਦ ਤੱਕ ਰੋਕਣ ਵਿੱਚ ਕਾਮਯਾਬ ਰਿਹਾ ਹੈ, ਜਿਹਨਾਂ ਵਿਚੋਂ ਜਿਆਦਾਤਰ ਮੌਤਾਂ ਸਹਿ-ਰੋਗ ਦੇ ਨਤੀਜੇ ਵਜੋਂ ਹੋਈਆਂ ਹਨ।
ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 40 ਮਰੀਜ਼ਾਂ ਦੀ ਮੌਤ ਹੋਈ ਹੈ, ਉਹਨਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਇਨ੍ਹਾਂ ਵਿੱਚੋਂ 31 ਵਿਅਕਤੀ (77 ਫ਼ੀਸਦੀ) ਅੰਤਰਿਮ ਪੜਾਅ 'ਤੇ ਗੁਰਦੇ, ਕੈਂਸਰ ਤੇ ਐੱਚਆਈਵੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਇਲਾਵਾ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ।
ਉਹਨਾਂ ਅੱਗੇ ਦੱਸਿਆ ਕਿ ਬਾਕੀ ਦੇ 23 ਫ਼ੀਸਦੀ ਮਾਮਲਿਆਂ ਵਿੱਚ ਮਰੀਜ਼ ਮੁੱਖ ਤੌਰ 'ਤੇ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ, ਸ਼ੂਗਰ ਅਤੇ ਮੋਟਾਪਾ ਵਰਗੀਆਂ ਪੁਰਾਣੀਆਂ ਬਿਮਾਰੀਆਂ ਨਾਲ ਸਬੰਧਤ ਸਨ ਅਤੇ ਅਜਿਹੇ ਮਾਮਲੇ ਬਹੁਤ ਘੱਟ ਸਨ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਪਹਿਲਾਂ ਹੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਜਿਸ ਕਾਰਨ ਉਹਨਾਂ ਦੀ ਮੌਤ ਕੁਦਰਤੀ ਵੀ ਹੋ ਸਕਦੀ ਸੀ। ਹੁਣ ਤੱਕ ਰਿਪੋਰਟ ਕੀਤੇ ਕੁੱਲ 2106 ਪਾਜ਼ੇਟਿਵ ਮਾਮਲਿਆਂ ਵਿਚੋਂ 1918 ਮਰੀਜ਼ ਪਹਿਲਾਂ ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਵਿਗਿਆਨਕ ਤੇ ਯੋਜਨਾਬੱਧ ਤਰੀਕੇ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ ਲਾਕਡਾਊਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਗੱਲ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਕੋਵਿਡ-19 ਦੇ ਦੁਗਣੇ ਹੋਣ ਦੀ ਦਰ ਲਗਭਗ 100 ਦਿਨ ਰਹਿ ਗਈ ਹੈ ਜੋ ਕਿ ਬਹੁਤ ਬੇਹਤਰ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਮਾਮਲਿਆਂ ਵਿੱਚ, ਜੇਕਰ ਮਰੀਜ਼ਾਂ ਨੂੰ ਕੋਈ ਪੁਰਾਣੀ ਬਿਮਾਰੀ ਤੋਂ ਬਿਨਾਂ ਕੋਵਿਡ ਤੋਂ ਪ੍ਰਭਾਵਿਤ ਪਾਇਆ ਜਾਂਦਾ ਹੈ, ਤਾਂ ਹੀ ਉਸ ਦੀ ਮੌਤ ਨੂੰ ਕੋਵਿਡ ਮੌਤ ਮੰਨਿਆ ਜਾਂਦਾ ਹੈ। ਸੂਬੇ ਦੀ ਮੌਤ ਦਰ ਰਾਸ਼ਟਰੀ ਔਸਤ ਮੌਤ ਦਰ (3 ਫ਼ੀਸਦੀ) ਨਾਲੋਂ ਵੀ ਬਹੁਤ ਘੱਟ ਹੈ ।
ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਬਹੁਤ ਸਾਰੇ ਮਾਮਲਿਆਂ ਵਿਚ ਮ੍ਰਿਤਕ ਦੇਹਾਂ ਦੇ ਨਮੂਨੇ ਲਏ ਗਏ ਹਨ ਜਿਨ੍ਹਾਂ ਵਿਚੋਂ ਕੁਝ ਪਾਜ਼ੇਟਿਵ ਆਏ ਪਰ ਇਹ ਸਾਰੀਆਂ ਮੌਤਾਂ ਕੋਵਿਡ-19 ਮੌਤ ਵਜੋਂ ਲਈਆਂ ਗਈਆਂ, ਜਦੋਂ ਕਿ ਇਹ ਨਮੂਨੇ ਸਿਰਫ਼ ਸੰਭਾਵਤ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣ ਲਈ ਲਏ ਗਏ ਸਨ।
ਡਾ. ਤਲਵਾੜ ਦੀ ਅਗਵਾਈ ਹੇਠ ਇੱਕ ਮਾਹਰ ਕਮੇਟੀ ਨੂੰ ਸੂਬੇ ਵਿੱਚ ਹੋਈਆਂ ਮੌਤਾਂ ਦਾ ਵਿਸ਼ਲੇਸ਼ਣ ਤੇ ਸਮੀਖਿਆ ਕਰਨ ਅਤੇ ਉਸ ਅਨੁਸਾਰ ਸੁਧਾਰਾਤਮਕ ਕਾਰਵਾਈ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ। ਮਾਹਰ ਕਮੇਟੀ ਵੱਲੋਂ ਵਿਸਥਾਰਤ ਰੂਪ ਵਿੱਚ ਮੌਤ ਦੇ ਕੇਸਾਂ ਦੀ ਸਮੀਖਿਆ ਕੀਤੀ ਗਈ ਅਤੇ ਅਪਡੇਸ਼ਨ ਰਾਹੀਂ ਸੂਬੇ ਵਿੱਚ ਕੰਮ ਕਰ ਰਹੇ ਡਾਕਟਰਾਂ ਨੂੰ ਤਾਜ਼ਾ ਜਾਣਕਾਰੀ ਦਿੱਤੀ ਗਈ।
ਹੈਲਥ ਸੇਵਾਵਾਂ ਦੀ ਡਾਇਰੈਕਟਰ ਡਾ. ਅਵਨੀਤ ਕੌਰ ਨੇ ਦੱਸਿਆ ਕਿ ਅੱਠ ਮਰੀਜ਼ ਅੰਤਿਮ ਪੜਾਅ 'ਤੇ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਹ ਡਾਇਲਿਸਿਸ 'ਤੇ ਸਨ, ਇਸ ਲਈ ਉਹਨਾਂ ਦੀ ਜਾਨ ਪਹਿਲਾਂ ਹੀ ਬਹੁਤ ਖ਼ਤਰੇ ਵਿੱਚ ਸੀ। ਇਸ ਤੋਂ ਇਲਾਵਾ ਨੌਂ ਮਰੀਜ਼ ਸ਼ੂਗਰ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਸਨ।
ਉਹਨਾਂ ਅੱਗੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਮਰੀਜ਼ਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ ਕਿਉਂਕਿ ਉਹ ਐਚਆਈਵੀ ਪਾਜ਼ੇਟਿਵ ਸਨ। ਅਜਿਹੇ ਮਰੀਜ਼ ਬਹੁਤ ਛੇਤੀ ਸੰਕਰਮਿਤ ਹੁੰਦੇ ਹਨ ਅਤੇ ਉਹਨਾਂ ਕੋਲ ਸੰਕਰਮਣ ਨਾਲ ਲੜਨ ਦੀ ਯੋਗਤਾ ਵੀ ਬਹੁਤ ਘੱਟ ਹੁੰਦੀ ਹੈ।