ਸਿਹਤ ਮੰਤਰੀ ਨੇ 2500 ਕਾਮਿਆਂ ਨੂੰ ਰਾਸ਼ਨ ਪੈਕੇਟ ਵੰਡੇ
ਐਸ.ਏ.ਐੱਸ. ਨਗਰ, 28 ਮਈ 2020: ਫੈਕਟਰੀਆਂ ਅਤੇ ਵੱਖ ਵੱਖ ਉਦਯੋਗਿਕ ਸੰਸਥਾਵਾਂ ਵਿਚ ਦਿਨ ਰਾਤ ਮਿਹਨਤ ਕਰਨ ਵਾਲੇ ਮਜ਼ਦੂਰ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਪ੍ਰਗਟਾਵਾ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ, ਕਿਰਤ ਮੰਤਰੀ ਅਤੇ ਵਿਧਾਇਕ (ਮੁਹਾਲੀ) ਸ. ਬਲਬੀਰ ਸਿੰਘ ਸਿੱਧੂ ਨੇ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰ ਰਹੇ ਤਕਰੀਬਨ 2500 ਮਜ਼ਦੂਰਾਂ ਅਤੇ ਕਿਰਤੀਆਂ ਨੂੰ ਰਾਸ਼ਨ ਪੈਕੇਟ ਵੰਡਣ ਮੌਕੇ ਕੀਤਾ। ਇਹਨਾਂ ਰਾਸ਼ਨ ਪੈਕਟਾਂ ਵਿੱਚ 5 ਕਿੱਲੋ ਆਟਾ, 2 ਕਿੱਲੋ ਚੀਨੀ ਅਤੇ 1 ਕਿੱਲ ਦਾਲ ਸ਼ਾਮਲ ਹੈ।
ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਉਦਯੋਗਿਕ ਕਾਮਿਆਂ ਲਈ ਬਿਹਤਰ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਵੱਲੋਂ ਨੀਤੀਆਂ ਅਤੇ ਦਿਸ਼ਾ ਨਿਰਦੇਸ਼ ਤਿਆਰ ਕਰਨ ਸਬੰਧੀ ਰਾਜ ਸਰਕਾਰ ਦੀ ਹਮੇਸ਼ਾਂ ਦੀ ਸੁਹਿਰਦ ਕੋਸ਼ਿਸ਼ ਰਹੀ ਹੈ ਅਤੇ ਅੱਜ ਦੀ ਪਹਿਲਕਦਮੀ ਨੂੰ ਉਹਨਾਂ ਪ੍ਰਤੀ ਇਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਸਰਕਾਰ ਜ਼ਰੂਰਤ ਦੇ ਸਮੇਂ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।
ਸ. ਸਿੱਧੂ ਨੇ ਕਾਮਿਆਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਮਾਜਿਕ ਦੂਰੀਆਂ, ਮਾਸਕ ਪਹਿਨਣ, ਹੈਂਡ ਸੈਨੀਟਾਈਜ਼ਰ ਦੀ ਵਰਤੋਂ ਅਤੇ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਹੱਥ ਦੀ ਪਾਲਣਾ ਕਰਨ ਸਬੰਧੀ ਹਦਾਇਤ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਯੋਗੇਸ਼ ਸਾਗਰ, ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਅਨੁਰਾਗ ਅਗਰਵਾਲ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਾਜੀਵ ਗੁਪਤਾ ਸ਼ਾਮਲ ਸਨ।