ਜ਼ਿਲੇ 'ਚ ਦੁਕਾਨਾ ਪਹਿਲਾਂ ਵਾਂਗ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆ
ਸਿਨੇਮਾ ਹਾਲ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਇਕੱਤਰਤਾ ਹਾਲ ਆਦਿ ਬੰਦ ਰਹਿਣਗੇ
ਧਾਰਮਿਕ/ਪੂਜਾ ਸਥਾਨ, ਹੋਟਲ ਤੇ ਹੋਰ ਮੇਜ਼ਬਾਨੀ ਸੇਵਾਵਾਂ ਤੇ ਸ਼ਾਪਿੰਗ ਮਾਲ ਖੋਲਣ ਬਾਰੇ ਫ਼ੈਸਲਾ 7 ਜੂਨ ਤੋਂ ਬਾਅਦ
ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਾਉਣ ਦੇ ਆਦੇਸ਼
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 01 ਜੂਨ 2020: ਜਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਭਾਰਤ ਸਰਕਾਰ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਨ ਮਗਰੋਂ ਮਿਤੀ 23 ਮਾਰਚ ਤੋਂ ਕਰਫਿਊ ਦੀ ਲਗਾਤਾਰਤਾ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਢਿੱਲ ਦਿੱਤੀ ਗਈ ਸੀ।
ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਦੇਸ਼ ਵਿੱਚ ਕੰਨਟੇਨਮੈਂਟ ਜੋਨਾਂ ਵਿੱਚ ਲਾਕ ਡਾਊਨ ਮਿਤੀ 30 ਜੂਨ 2020 ਤੱਕ ਵਧਾਉਣ ਉਪਰੰਤ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦੇ ਹੋਏ ਜਿਲ੍ਹਾ ਫਰੀਦਕੋਟ ਅੰਦਰ ਹੇਠ ਗਤੀਵਿਧੀਆ ਕਰਨ ਦੀ ਆਗਿਆ ਦਿੱਤੀ ਹੈ।
ਕੋਵਿਡ ਰੋਕਥਾਮ ਤਹਿਤ ਜਾਰੀ ਪਾਬੰਦੀਆਂ ਤੇ ਮਨਜੂਰੀਆਂ 'ਚ ਜ਼ਿਲੇ 'ਚ ਜ਼ਰੂਰੀ ਅਤੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਪਹਿਲਾਂ ਤੋਂ ਹੀ ਤੈਅ ਸਮੇਂ ਅਨੁਸਾਰ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ ਸਕਣਗੀਆਂ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁਲ ਸਕਣਗੀਆਂ।
ਜ਼ਿਲੇ 'ਚ ਧਾਰਮਿਕ/ਪੂਜਾ ਸਥਾਨ, ਹੋਟਲ ਤੇ ਹੋਰ ਮੇਜ਼ਬਾਨੀ ਸੇਵਾਵਾਂ ਤੇ ਸ਼ਾਪਿੰਗ ਮਾਲ ਅਤੇ ਰੈਸਟੋਰੈਂਟਜ਼ ਜਨਤਕ ਤੌਰ 'ਤੇ ਖੋਲਣ ਬਾਰੇ ਫ਼ੈਸਲਾ 7 ਜੂਨ ਤੋਂ ਬਾਅਦ ਵੱਖਰੇ ਹੁਕਮਾਂ ਦੁਆਰਾ ਕੀਤਾ ਜਾਵੇਗਾ।
ਹਜਾਮਤ, ਹੇਅਰ ਕਟ ਸੈਲੂਨ, ਬਿਊਟੀ ਪਾਰਲਰ ਤੇ ਸਪਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਅਨੁਸਾਰ ਹੀ ਖੋਲੇ ਜਾ ਸਕਣਗੇ।
ਸਪੋਰਟਸ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਦੇ ਖੁੱਲ੍ਹੇ ਰਹਿਣਗੇ।ਪਰੰਤੂ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਹਦਾਇਤਾਂ ਦੀ ਪਾਲਣਾ ਕਰਨਗੇ। ਸਨਅਤਾਂ ਤੇ ਸਨਅਤੀ ਅਦਾਰਿਆਂ ਨੂੰ ਦਿਹਾਤੀ ਤੇ ਸ਼ਹਿਰੀ ਖੇਤਰਾਂ 'ਚ ਖੁੱਲ੍ਹੀਆਂ ਰਹਿਣਗੀਆਂ ਅਤੇ ਇਹ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ।ਉਸਾਰੀ ਗਤੀਵਿਧੀਆਂ ਵੀ ਸ਼ਹਿਰ ਤੇ ਪੇਂਡੂ ਇਲਾਕੇ 'ਚ ਬਿਨਾਂ ਕਿਸੇ ਬੰਦਸ਼ ਤੋਂ ਚੱਲ ਸਕਣਗੀਆਂ। ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ਵੀ ਬੇ-ਰੋਕ ਟੋਕ ਚੱਲ ਸਕਣਗੀਆਂ। ਈ-ਕਾਮਰਸ ਨੂੰ ਸਾਰੀਆਂ ਵਸਤਾਂ ਵਾਸਤੇ ਆਗਿਆ ਹੋਵੇਗੀ।
ਵਿਆਹ ਸ਼ਾਦੀਆਂ ਸਬੰਧੀ ਸਮਾਗਮ ਇਸ ਦਫਤਰ ਪਾਸੋਂ ਪ੍ਰਵਾਨਗੀ ਉਪਰੰਤ ਹੀ ਆਯੋਜਿਤ ਕੀਤੇ ਜਾ ਸਕਣਗੇ।