ਫਿਰੋਜ਼ਪੁਰ 01 ਜੂਨ 2020 : ਪੀਏਯੂ ਵੱਲੋਂ ਤਿਆਰ ਕੀਤੇ ਗਏ ਸਰਕਾਰੀ ਬੀਜਾਂ ਨੂੰ ਅਵੈਧ ਤਰੀਕੇ ਨਾਲ ਦੁਕਾਨਾਂ ਤੇ ਵੇਚਣ ਦੇ ਮਾਮਲੇ ਵਿੱਚ ਸਖਤ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਖੇਤੀਬਾੜੀ ਵਿਭਾਗ ਨੇ ਸੋਮਵਾਰ ਨੂੰ ਕੈਂਟ ਦਾਣਾ ਮੰਡੀ ਵਿਖੇ ਸਥਿਤ ਮੈਸਰਜ਼ ਸਿੰਗਲਾ ਸੀਡਜ਼ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ, ਨਾਲ ਹੀ ਬੀਜ ਸਪਲਾਈ ਕਰਨ ਵਾਲੇ ਜਗਰਾਉਂ ਦੇ ਮੈਸਰਜ਼ ਬਿਮਲ ਕਿਸ਼ੋਰ ਐਂਡ ਬ੍ਰਦਰਜ਼ ਸੀਡਜ਼ ਖਿਲਾਫ ਲੁਧਿਆਣਾ ਸਥਿਤ ਅਥਾਰਟੀ ਨੂੰ ਕਾਰਵਾਈ ਦੇ ਲਈ ਸਿਫ਼ਾਰਸ਼ ਭੇਜ ਦਿੱਤੀ ਹੈ। ਇਹ ਕਾਰਵਾਈ ਸੀਡ ਕੰਟਰੋਲ ਆਰਡਰ 1983, ਸੀਡਜ਼ ਐਕਟ 1966 ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨਾਲ ਜੁੜੇ ਕਾਨੂੰਨਾਂ ਤਹਿਤ ਕੀਤੀ ਗਈ ਹੈ।
ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ: ਗੁਰਮੇਲ ਸਿੰਘ ਔਲਖ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫਸਰ ਡਾ: ਮੁਖਤਿਆਰ ਸਿੰਘ, ਦੀ ਅਗਵਾਈ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ: ਮਨਿੰਦਰ ਸਿੰਘ ਅਤੇ ਕੇ.ਵੀ.ਕੇ ਫਿਰੋਜ਼ਪੁਰ ਦੇ ਐਸੋਸੀਏਟ ਡਾਇਰੈਕਟਰ ਡਾ: ਗੁਰਜੰਟ ਸਿੰਘ ਔਲਖ ਨੇ ਇੱਕ ਕਿਸਾਨ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਅਤੇ ਛਾਉਣੀ ਦਾਣਾ ਮੰਡੀ ਸਥਿਤ ਉਕਤ ਫਰਮ ਤੇ ਛਾਪੇਮਾਰੀ ਕੀਤੀ ਤੇ ਚੈਕਿੰਗ ਕੀਤੀ। ਫ਼ਰਮ ਵੱਲੋਂ 125 ਬੈੱਗ ਪੀਆਰ 114 ਕਿਸਮ ਦੇ ਬੀਜ ਵੇਚੇ ਗਏ ਸੀ ਅਤੇ ਹਰੇਕ ਬੈਗ 24 ਕਿੱਲੋਗ੍ਰਾਮ ਦਾ ਸੀ, ਜਿਸ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਟੈਗਲਾਈਨ ਵੀ ਲਿਖੀ ਹੋਈ ਸੀ। ਉਨ੍ਹਾਂ ਕਿਹਾ ਕਿ ਕੇਵਲ ਕੇਵੀਕੇ ਨੂੰ ਹੀ ਇਨ੍ਹਾਂ ਬੀਜਾਂ ਨੂੰ ਵੇਚਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਕੋਈ ਵੀ ਇਨ੍ਹਾਂ ਨੂੰ ਵੇਚ ਨਹੀਂ ਸਕਦਾ। ਹਾਲਾਂਕਿ, ਜਾਂਚ ਦੌਰਾਨ ਫ਼ਰਮ ਦੀ ਦੁਕਾਨ ਤੋਂ ਬੀਜਾਂ ਦਾ ਕੋਈ ਭੰਡਾਰ ਨਹੀਂ ਮਿਲਿਆ, ਜਿਸ ਕਾਰਨ ਸੈਂਪਲਿੰਗ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਵਿਭਾਗ ਦੀ ਤਰਫ਼ੋਂ ਫ਼ਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ ਅਤੇ ਸਪਲਾਇਰ ਖਿਲਾਫ ਕਾਰਵਾਈ ਲਈ ਲੁਧਿਆਣਾ ਆਧਾਰਿਤ ਅਥਾਰਿਟੀ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਦੀ ਫ਼ਰਮ ਵੱਲੋਂ ਬਿਲ ਨੰਬਰ 1476 ਦੇ ਤਹਿਤ 8 ਮਈ, 2020 ਨੂੰ ਬੀਜ ਪੈਕਟ ਖ਼ਰੀਦੇ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿੱਚ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾ ਸਕੇ।