13900 ਯੂਥ ਕਲੱਬ, 600 ਰੈਡ ਰਿਬਨ ਕਲੱਬ ਅਤੇ 2 ਲੱਖ ਐਨਐਸਐਸ ਵਾਲੰਟੀਅਰ ਮਿਸ਼ਨ ਵਿਚ ਸਰਗਰਮ ਸਹਿਯੋਗ ਦੇਣਗੇ- ਸੁਖਵਿੰਦਰ ਸਿੰਘ ਬਿੰਦਰਾ
ਐਸ.ਏ.ਐੱਸ. ਨਗਰ, 4 ਜੂਨ 2020: ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੁਵਕ ਵਿਕਾਸ ਬੋਰਡ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ‘ਮਿਸ਼ਨ ਫਤਿਹ’ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਨੂੰ ਇਸ ਮਿਸ਼ਨ ਵਿਚ ਸ਼ਾਮਲ ਕਰੇਗਾ। ਉਨ੍ਹਾਂ ਦੱਸਿਆ ਕਿ 13900 ਯੂਥ ਕਲੱਬਾਂ, 600 ਰੈਡ ਰਿਬਨ ਕਲੱਬਾਂ ਅਤੇ 2 ਲੱਖ ਐਨਐਸਐਸ ਵਾਲੰਟੀਅਰਾਂ ਦੇ ਸਰਗਰਮ ਸਹਿਯੋਗ ਨਾਲ ਬੋਰਡ ਦਾ ਮੰਤਵ ਰਾਜ ਦੇ ਹਰ ਕੋਨੇ-ਕੋਨੇ ਵਿੱਚ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਤਹਿਤ ਮਹੀਨੇ ਭਰ ਚੱਲਣ ਵਾਲੀ ਮੁਹਿੰਮ ਦੌਰਾਨ, ‘ਬੋਰਡ ਦੇ ਯੋਧੇ’ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ ਅਤੇ ਬਜ਼ੁਰਗਾਂ ਦੀ ਦੇਖਭਾਲ ਬਾਰੇ ਲੋਕ ਜਾਗਰੂਕਤਾ ਪੈਦਾ ਕਰਨਗੇ।
ਇਸ ਤੋਂ ਇਲਾਵਾ, ਉਹ ਲੋਕਾਂ ਨੂੰ ਆਪਣੇ ਖੇਤਰ ਵਿਚ ਬਾਹਰੀ ਵਿਅਕਤੀਆਂ ਦੇ ਦਾਖਲੇ ਬਾਰੇ ਸੁਚੇਤ ਰਹਿਣ ਲਈ ਕਹਿਣਗੇ, ਕੋਵਿਡ -19 ਮਰੀਜ਼ਾਂ ਨੂੰ ਟਰੈਕ ਕਰਨ ਲਈ ਕੋਵਾ ਐਪ ਦੀ ਵਰਤੋਂ ਦੀ ਮਹੱਤਤਾ ਅਤੇ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ, ਘਰੇਲੂ ਕੁਆਰੰਟੀਨ ਦੀ ਮਹੱਤਤਾ ਬਾਰੇ ਗਾਈਡ ਕਰਨ, ਫਲੂ ਦੇ ਲੱਛਣ ਅਤੇ ਇਸ ਤੋਂ ਬਾਅਦ ਕਾਰਵਾਈ, ਲਾਕਡਾਉਨ 5.0 ਦੇ ਦੌਰਾਨ ਪਾਬੰਦੀਆਂ ਅਤੇ ਉਲੰਘਣਾ ਦੇ ਮਾਮਲੇ ਵਿੱਚ ਜ਼ੁਰਮਾਨੇ ਬਾਰੇ ਜਾਗਰੂਕ ਕਰਨਗੇ। ਸ੍ਰੀ ਬਿੰਦਰਾ ਨੇ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕ ਲਗਾਉਣ ਲਈ, ਮਹਾਂਮਾਰੀ ਦੇ ਵਿਰੁੱਧ ਕਮਿਊਨਿਟੀ ਲਾਮਬੰਦੀ ਲਈ ਸਾਂਝੇ ਤੌਰ 'ਤੇ ਸੰਘਰਸ਼ ਲਾਜ਼ਮੀ ਹੈ, ਇਸ ਲਈ ਪੰਜਾਬ ਯੁਵਕ ਵਿਕਾਸ ਬੋਰਡ ਇਸ ਮਕਸਦ ਲਈ ਹਰ ਸੰਭਵ ਸਹਾਇਤਾ ਦੇਣ ਲਈ ਹਰ ਸੰਭਵ ਯਤਨ ਕਰੇਗਾ।