543 ਤੋਂ ਵਧੇਰੇ ਇਕਾਂਤਵਾਸ ’ਚ ਭੇਜੇ ਵਿਅਕਤੀਆਂ ’ਤੇ ਰੱਖੀ ਜਾ ਰਹੀ ਹੈ ਨਜ਼ਰ
ਇਕਾਂਤਵਾਸ ਤੋੜਨ ’ਤੇ ਇੱਕ ਹਫ਼ਤੇ ਦਾ ਸਮਾਂ ਵਧਾਉਣ, ਦੋ ਹਜ਼ਾਰ ਦਾ ਜੁਰਮਾਨਾ ਲਾਉਣ ਜਾਂ ਫ਼ਿਰ 188 ਤਹਿਤ ਪਰਚੇ ਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ
ਡੀ ਸੀ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਨਵਾਂਸ਼ਹਿਰ, 08 ਜੂਨ 2020: ਜ਼ਿਲ੍ਹੇ ’ਚ ਹੁਣ ਤੱਕ 1991 ਵਿਅਕਤੀ ਇਕਾਂਤਵਾਸ ਦਾ ਸਮਾਂ ਪੂਰਾ ਕਰ ਚੁੱਕੇ ਹਨ ਅਤੇ 543 ਤੋਂ ਵਧੇਰੇ ਇਕਾਂਤਵਾਸ ’ਚ ਭੇਜੇ ਵਿਅਕਤੀਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਢੰਗਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਦਾ ਮੰਤਵ ਹੀ ਕੋਵਿਡ ਤਹਿਤ ਨਿਰਧਾਰਿਤ ਸਾਵਧਾਨੀਆਂ ਅਤੇ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰਵਾ ਕੇ ਜ਼ਿਲ੍ਹੇ ਅਤੇ ਸੂਬੇ ਨੂੰ ਕੋਵਿਡ ਤੋਂ ਮੁਕਤ ਕਰਨਾ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਤਕ ਹਿੱਤ ’ਚ ਲੋਕਾਂ ਨੂੰ ਵਾਰ-ਵਾਰ ਕੋਵਿਡ ਸਾਵਧਾਨੀਆਂ ਦੀ ਨਿਯਮਿਤ ਰੂਪ ’ਚ ਪਾਲਣਾ ਕਰਕੇ ਆਪਣੇ ਜ਼ਿਲ੍ਹੇ ਨੂੰ ਕੋਵਿਡ ਪੱਖੋਂ ਸੁਰੱਖਿਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਕਾਂਤਵਾਸ ਦਾ ਭਾਵ ਕੋਵਿਡ ਦੀ ਬਿਮਾਰੀ ਨੂੰ ਰੋਕਣਾ ਹੈ ਅਤੇ ਜੇਕਰ ਅਸੀਂ ਘਰ ’ਚ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦਾ ਇਕਾਂਤਵਾਸ ਸਮਾਂ ਪੂਰਾ ਕਰ ਲੈਂਦੇ ਹਾਂ ਤਾਂ ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਸੂਬੇ ਪ੍ਰਤੀ ਆਪਣੀ ਜ਼ਿੰਮੇਂਵਾਰੀ ਨੂੰ ਨਿਭਾਉਂਦੇ ਹਾਂ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਮੰਨ ਲਵੋ ਇੱਕ ਵਿਅਕਤੀ ਨੂੰ ਜ਼ਿਲ੍ਹੇ ’ਚ ’ਚ ਬਾਹਰੋਂ ਆਉਣ ’ਤੇ ਇਕਾਂਤਵਾਸ ’ਚ ਰਹਿਣ ਦੀ ਸਲਾਹ ਦਿੱਤੀ ਗਈ ਸੀ, ਉਸ ਵੱਲੋਂ ਸਲਾਹ ਨੂੰ ਨਾ ਮੰਨਦਿਆਂ ਆਲੇ-ਦੁਆਲੇ ਘੁੰਮਣਾ ਜਾਰੀ ਰੱਖਿਆ ਗਿਆ ਅਤੇ ਜਦੋਂ ਉਸ ਦਾ ਲਿਆ ਟੈਸਟ ਪਾਜ਼ਿਟਿਵ ਆ ਜਾਵੇ ਤਾਂ ਫ਼ਿਰ ਉਹ ਇਕਾਂਤਵਾਸ ਤੋੜ ਕੇ ਜਿਸ-ਜਿਸ ਨੂੰ ਵੀ ਮਿਲਿਆ, ਉਹ ਸਾਰੇ ਕੋਵਿਡ ਦੇ ਖਤਰੇ ’ਚ ਆ ਜਾਂਦੇ ਹਨ। ਇਸ ਲਈ ਇਕਾਂਤਵਾਸ ਨੂੰ ਪੂਰੀ ਤਰ੍ਹਾਂ ਮੰਨਣਾ ਹੀ ਸਭ ਦੀ ਭਲਾਈ ’ਚ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਇਕਾਂਤਵਾਸ ਵਾਲੇ ਵਿਅਕਤੀਆਂ ’ਤੇ ਨਿਗਰਾਨੀ ਰੱਖਣ ਲਈ ਤਿੰਨ ਪੜਾਵੀ ਸਿਸਟਮ ਅਪਣਾਇਆ ਗਿਆ ਹੈ। ਪਹਿਲੇ ਪੜਾਅ ’ਚ ਆਂਗਨਵਾੜੀ ਵਰਕਰਾਂ ਉਨ੍ਹਾਂ ਦੀ ਰੋਜ਼ਾਨਾ ਰਿਪੋਰਟ ਦਿੰਦੀਆਂ ਹਨ। ਦੂਸਰੇ ਪੜਾਅ ’ਚ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰਾਂ ਨਾਲ ਪੁਲਿਸ ਪ੍ਰਸ਼ਾਸਨ ਸੰਪਰਕ ’ਚ ਰਹਿੰਦਾ ਹੈ ਅਤੇ ਤੀਸਰੇ ਪੜਾਅ ’ਚ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ, ਆਸ਼ਾ ਵਰਕਰ ਅਤੇ ਏ ਐਨ ਐਮਜ਼ ਦੀ ਟੀਮ ਇਸ ਕੰਮ ’ਚ ਲੱਗੀ ਹੋਈ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਪ੍ਰਸ਼ਾਸਨ ਵੱਲੋਂ ਜਿੱਥੇ ਹਰੇਕ ਇਕਾਂਤਵਾਸ ’ਚ ਭੇਜੇ ਵਿਅਕਤੀ ਦੇ ਸਮਾਰਟ ਫ਼ੋਨ ’ਤੇ ਕੋਵਾ ਐਪ ਲੋਡ ਕਰਵਾਈ ਗਈ ਹੈ ਉੱਥੇ ਉਪਰਲੇ ਢੰਘਾਂ ਨਾਲ ਵੀ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਤੋੜਨ ਵਾਲੇ ਵਿਅਕਤੀਆਂ ਦਾ ਪਹਿਲੀ ਵਾਰ ’ਚ ਇੱਕ ਹਫ਼ਤੇ ਦਾ ਹੋਰ ਸਮਾਂ ਵਧਾ ਦਿੱਤਾ ਜਾਵੇਗਾ, ਜੇਕਰ ਉਹ ਫ਼ਿਰ ਵੀ ਨਹੀਂ ਟਿਕੇਗਾ ਤਾਂ 2000 ਰੁਪਏ ਦਾ ਜੁਰਮਾਨਾ ਅਤੇ ਉਸ ਤੋਂ ਬਾਅਦ ਵੀ ਗਲਤੀ ਕਰਨ ’ਤੇ ਉਸ ਖ਼ਿਲਾਫ਼ ਧਾਰਾ 188 ਤਹਿਤ ਪਰਚਾ ਦਰਜ ਕਰਕੇ, ਉਸ ਦੀ ਰਿਪੋਰਟ ਨੈਗੇਟਿਵ ਆਉਣ ਬਾਅਦ ਉਸ ਦੀ ਗਿ੍ਰਫ਼ਤਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਫ਼ੈਸਲਾ ਇਕਾਂਤਵਾਸ ਪੂਰਾ ਕਰਨ ਵਾਲੇ ਲੋਕਾਂ ਦੇ ਹੱਥ ’ਚ ਹੈ ਕਿ ਉਹ ਲੋਕਾਂ ’ਤੇ ਤਰਸ ਖਾ ਕੇ ਕੋਵਿਡ ਨੂੰ ਅੱਗੇ ਫ਼ੈਲਣ ਤੋਂ ਰੋਕਣ ਲਈ 14 ਦਿਨ ਲਈ ਘਰ ਬੈਠਣਾ ਚਾਹੁੰਦੇ ਹਨ ਜਾਂ ਫ਼ਿਰ ਆਪਣੇ ਖ਼ਿਲਾਫ਼ ਕਾਰਵਾਈ ਕਰਵਾਉਣੀ ਚਾਹੁੰਦੇ ਹਨ।
ਇਸ ਮੀਟਿੰਗ ’ਚ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ, ਡੀ ਐਚ ਓ ਡਾ. ਕੁਲਦੀਪ ਰਾਏ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ, ਜ਼ਿਲ੍ਹਾ ਐਪੀਡੋਮੋਲੋਜਿਸਟ (ਆਈ ਡੀ ਐਸ ਪੀ) ਡਾ. ਸ਼ਿਆਮਾ ਵੇਦਾ, ਐਸ ਐਮ ਓ ਡਾ. ਗੁਰਿੰਦਰਜੀਤ ਸਿੰਘ ਕਾਠਗੜ੍ਹ, ਐਸ ਐਮ ਓ ਡਾ. ਐਨ ਕੇ ਸ਼ਰਮਾ ਮੁਜੱਫ਼ਰਪੁਰ, ਡੀ ਐਮ ਈ ਓ ਜਗਤ ਰਾਮ ਮੌਜੂਦ ਸਨ।