ਝੋਨੇ ਦੇ ਨਕਲੀ ਬੀਜ ਬੀਜਣ ਦੀ ਬਦੌਲਤ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਮੁੱਖ ਮੰਤਰੀ ਗਿਰਦਾਵਰੀ ਦੇ ਹੁਕਮ ਦੇਣ : ਬਿਕਰਮ ਸਿੰਘ ਮਜੀਠੀਆ
ਚੰਡੀਗੜ, 08 ਜੂਨ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਦੇਣ ਤੇ ਉਹਨਾਂ 'ਤੇ ਅੰਤਰ ਰਾਜੀ ਬੀਜ ਘੁਟਾਲੇ ਰਾਹੀਂ 'ਅੰਨਦਾਤੇ' ਨਾਲ 4 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਪੀ ਆਰ 128 ਅਤੇ ਪੀ ਆਰ 129 ਕਿਸਮਾਂ ਦੇ ਨਕਲੀ ਬੀਜਾਂ ਰਾਹੀਂ ਛੇ ਲੱਖ ਏਕੜ ਵਿਚ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ ਤਾਂ ਜੋ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ।
ਇਥੇ ਪਾਰਟੀ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਕਬਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ 'ਤੇ ਧਾਰਾ 120 (ਬੀ) ਤਹਿਤ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਨੇੜਲੇ ਸਹਿਯੋਗੀ ਤੇ ਨਕਲੀ ਬੀਜ ਦੇ ਉਤਪਾਦਕ ਲੱਕੀ ਢਿੱਲੋਂ ਦੇ ਅਪਰਾਧ 'ਤੇ ਪਰਦਾ ਪਾਉਣ ਲਈ ਸੂਬਾਈ ਸਕੱਤਰੇਤ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਾਅਲੀ ਬਿੱਲ ਪੇਸ਼ ਕੀਤੇ ਸਨ। ਉਹਨਾਂ ਕਿਹਾ ਕਿ ਲੱਕੀ ਜੋ ਕਿ ਕਰਨਾਲ ਐਗਰੀ ਸੀਡਜ਼ ਦਾ ਮਾਲਕ ਹੈ, ਦੀ ਡਟਵੀਂ ਹਮਾਇਤ ਕਰਨ ਨਾਲ ਨਕਲੀ ਬੀਜ ਉਤਪਾਦਕ ਦੀ ਗ੍ਰਿਫਤਾਰੀ ਲਟਕ ਗਈ ਤੇ ਉਸਨੂੰ ਉਸ ਕੋਲ ਪਏ ਨਕਲੀ ਬੀਜ ਨੂੰ ਖੁਰਦ ਬੁਰਦ ਕਰਨ ਦਾ ਸਮਾਂ ਮਿਲ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਕਰਨਾਲ ਸੀਡਜ਼ ਦੀ ਡੇਰਾ ਬਾਬਾ ਨਾਨਕ ਇਕਾਈ 'ਤੇ ਪਏ ਨਕਲੀ ਬੀਜ ਦੇ ਭੰਡਾਰ ਦੇ ਭਰੇ 12 ਟਰਾਲੇ ਉਥੋਂ ਕੱਢੇ ਗਏ ਹਨ।
ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨੇ ਕਿਸਾਨਾਂ ਦੀ ਥਾਂ ਨਕਲੀ ਬੀਜ ਉਤਪਾਦਕਾਂ ਨਾਲ ਡਟਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਅਹੁਦੇ 'ਤੇ ਬਣੇ ਰਹਿਣ ਦੇ ਸਾਰੇ ਨੈਤਿਕ ਅਧਿਕਾਰ ਗੁਆ ਲਏ ਹਨ। ਉਹਨਾਂ ਕਿਹਾ ਕਿ ਰੰਧਾਵਾ ਦੇ ਖਿਲਾਫ ਨਾ ਸਿਰਫ ਮੁੱਖ ਦੋਸ਼ੀ ਦੀ ਪੁਸ਼ਤਪਨਾਹੀ ਕਰਨ ਬਲਕਿ ਸਾਰੇ ਘੁਟਾਲੇ ਵਿਚ ਭਾਈਵਾਲ ਬਣਨ ਦੇ ਦੋਸ਼ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਮਲੇ ਵਿਚ ਹਾਲੇ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਇਸਦੀ ਕੇਂਦਰੀ ਲੀਡਰਸ਼ਿਪ ਨੂੰ ਦੇਸ਼ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ।
ਸ੍ਰੀ ਮਜੀਠੀਆ ਨੇ ਹਰਿਆਣਾ ਵਿਚ ਲੱਕੀ ਢਿੱਲੋਂ ਦੇ ਖਿਲਾਫ ਦਰਜ ਹੋਈ ਐਫ ਆਈ ਆਰ ਦੀ ਕਾਪੀ ਵੀ ਵਿਖਾਈ ਜੋ ਕਿ ਉਸ ਵੱਲੋਂ ਕਰਨਾਲ ਵਿਖੇ ਕਰਨਾਲ ਸੀਡਜ਼ ਦਾ ਜਾਅਲੀ ਦਫਤਰ ਬਣਾਉਣ ਕਾਰਨ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਨੂੰ ਇਸ ਸਬੰਧ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਉੁਸਨੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਲੱਕੀ ਦੇ ਇਕ ਸਹਿਯੋਗੀ ਨੇ ਇਕ ਅਜਿਹੇ ਪਤੇ 'ਤੇ ਗਲਤ ਐਗਰੀਮੈਂਟ ਡੀਡ ਸਾਈਨ ਕਰਵਾਈ ਜਿਥੇ ਦਾ ਅਸਲ ਮਾਲਕ ਵੀਹ ਸਾਲ ਪਹਿਲਾਂ ਦੁਬਈ ਚਲਾ ਗਿਆ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦਕਿ ਪੰਜਾਬ ਪੁਲਿਸ ਨੇ ਅਜਿਹੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵਿਚ ਆਸਾਨੀ ਨਾਲ ਜ਼ਮਾਨਤ ਮਿਲ ਜਾਵੇ।
ਅਕਾਲੀ ਨੇਤਾ ਨੇ ਬੀਜ ਘੁਟਾਲੇ ਦੇ ਇਕ ਹੋਰ ਤੱਥ ਦਾ ਵੀ ਖੁਲ•ਾਸਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਇਕ ਹੋਰ ਕਰੀਬੀ ਨੂੰ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਇਹੀ ਵਿਅਕਤੀ ਪਹਿਲਾਂ ਇਹਨਾਂ ਘੁਟਾਲੇਬਾਜ਼ਾਂ ਦਾ ਸੇਲਜ਼ਮੈਨ ਸੀ। ਉਹਨਾਂ ਦੱਸਿਆ ਕਿ ਤਲਵੰਡੀ ਗੁਰਾਇਆ ਪਿੰਡ ਦਾ ਹਰਦੀਪ ਅਖਬਾਰਾਂ ਨੂੰ ਇੰਟਰਵਿਊ ਦੇ ਕੇ ਇਹ ਦੱਸ ਰਿਹਾ ਸੀ ਕਿ ਕਿਵੇਂ ਪੀ ਆਰ 129 ਕਿਸਾਨਾਂ ਲਈ ਲਾਭਕਾਰੀ ਹੈ ਜਦਕਿ ਉਦੋਂ ਇਸ ਬੀਜ ਦੇ ਕਮਰਸ਼ੀਅਲ ਉਤਪਾਦਨ ਵਾਸਤੇ ਮਨਜ਼ੂਰੀ ਵੀ ਨਹੀਂ ਮਿਲੀ ਸੀ।
ਸ੍ਰੀ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਐਨ ਐਸ ਤੋਮਰ ਨੂੰ ਘੁਟਾਲੇ ਦੀ ਜਾਣਕਾਰੀ ਦਿੱਤੀ ਹੈ ਤੇ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਂਕਿ ਘੁਟਾਲੇਬਾਜ਼ਾਂ ਨੇ ਨਕਲੀ ਬੀਜ ਗਵਾਂਢੀ ਰਾਜਾਂ ਵਿਚ ਵੀ ਵੰਡਿਆ ਹੈ। ਉਹਨਾਂ ਕਿਹਾ ਕਿ ਇਸ ਪੜਤਾਲ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੰਜਾਬ ਪੁਲਿਸ ਮਾਮਲੇ ਵਿਚ ਪੈਰ ਪਿੱਛੇ ਖਿੱਚ ਰਹੀ ਹੈ ਤੇ ਹਾਲੇ ਤੱਕ ਉਸਨੇ ਕੇਸ ਦੇ ਮੁੱਖ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਬੰਸ ਸਿੰਘ ਬੰਟੀ ਰੋਮਾਣਾ ਵੀ ਹਾਜ਼ਰ ਸਨ।