ਕਿਹਾ, ਸਿਹਤ ਮੰਤਰੀ ਦੇ ਨਿਜੀ ਦਖ਼ਲ ਨਾਲ ਹਲਕੇ ਦੇ ਸੈਂਕੜੇ
ਕਿਸਾਨਾਂ ਨੂੰ ਭਾਰੀ ਫ਼ਾਇਦਾ ਹੋਇਆ
ਲੈਂਡ ਪੂਲਿੰਗ ਸਬੰਧੀ ਗਮਾਡਾ ਦਾ ਨੋਟੀਫ਼ੀਕੇਸ਼ਨ ਜਾਰੀ ਹੋਣ 'ਤੇ ਜ਼ਿਮੀਂਦਾਰ ਬਾਗ਼ੋ-ਬਾਗ਼, ਸਿੱਧੂ ਦਾ ਮੂੰਹ ਮਿੱਠਾ ਕਰਵਾਇਆ
ਕਾਂਗਰਸ ਸਰਕਾਰ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ : ਸਿੱਧੂ
ਐਸ ਏ ਐਸ ਨਗਰ, 09 ਜੂਨ 2020: ਮੋਹਾਲੀ ਹਲਕੇ ਦੇ ਦਰਜਨਾਂ ਪਿੰਡਾਂ ਦੇ ਜ਼ਿਮੀਂਦਾਰਾਂ, ਮੋਹਰੀ ਆਗੂਆਂ ਅਤੇ ਪਤਵੰਤਿਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਪੁੱਜ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਧਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਮੰਤਰੀ ਦੇ ਨਿਜੀ ਦਖ਼ਲ ਸਦਕਾ ਗਮਾਡਾ ਅਧੀਨ ਆਉਂਦੇ ਐਰੋਸਿਟੀ, ਈਕੋ ਸਿਟੀ, ਆਈ ਟੀ ਸਿਟੀ ਅਤੇ ਸੈਕਟਰ 88 ਤੇ 89 ਦੇ ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਜ਼ਿਕਰਯੋਗ ਹੈ ਕਿ ਗਮਾਡਾ ਨੇ ਪਿਛਲੇ ਦਿਨੀਂ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ ਜਿਸ ਤਹਿਤ ਲੈਂਡ ਪੂਲਿੰਗ ਦੀ ਸਹੂਲਤ ਲੈਣ ਵਾਲੇ ਉਕਤ ਖੇਤਰਾਂ ਦੇ ਕਿਸਾਨਾਂ ਨੂੰ ਪਲਾਟਾਂ ਦੇ ਕਾਰਨਰ ਅਤੇ ਪਾਰਕਿੰਗ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਜਿਨ੍ਹਾਂ ਕਿਸਾਨਾਂ ਨੇ ਪਲਾਟਾਂ ਦੀਆਂ ਪ੍ਰੈਫ਼ਰੈਂਸ਼ੀਅਲ ਲੋਕੇਸ਼ਨਾਂ ਲਈਪੈਸੇ ਜਮ੍ਹਾ ਕਰਾਏ ਹੋਏ ਹਨ, ਉਨ੍ਹਾਂ ਦੇ ਪੈਸੇ ਤਿੰਨ ਮਹੀਨਿਆਂ ਅੰਦਰ ਗਮਾਡਾ ਵਲੋਂ ਵਾਪਸ ਕਰ ਦਿਤੇ ਜਾਣਗੇ।
ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਸ. ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੇ ਵੱਡਮੁੱਲੇ ਅਤੇ ਲਗਾਤਾਰ ਯਤਨਾਂ ਸਦਕਾ ਹੀ ਹਲਕੇ ਦੇ ਸੈਂਕੜੇ ਕਿਸਾਨਾਂ ਨੂੰ ਭਾਰੀ ਵਿੱਤੀ ਫ਼ਾਇਦਾ ਹੋਇਆ ਹੈ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਵਾਲੇ ਅਲਾਟੀ ਕਿਸਾਨ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਕੋਲੋਂ ਵਸੂਲੀਆਂ ਗਈਆਂ ਵਾਧੂ ਫ਼ੀਸਾਂ ਵਾਪਸ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਪ੍ਰੈਫ਼ਰੈਂਸ਼ੀਅਲ ਲੋਕੇਸ਼ਨ ਚਾਰਜਜ਼ ਦੇ ਤੌਰ 'ਤੇ ਕਾਰਨਰ ਦੇ ਪਲਾਟ ਲਈ ਦਸ ਫ਼ੀਸਦੀ, ਫ਼ੇਸਿੰਗ ਪਾਰਕ ਲਈ ਦਸ ਫ਼ੀਸਦੀ ਅਤੇ ਦੋਹਾਂ ਦੇ ਸਾਂਝੇ ਹੋਣ ਦੀ ਸੂਰਤ ਵਿਚ 15 ਫ਼ੀਸਦੀ ਰਾਸ਼ੀ ਦੀ ਵਾਧੂ ਵਸੂਲੀ ਕੀਤੀ ਜਾਂਦੀ ਸੀ। ਕਿਸਾਨਾਂ ਨੇ ਕਿਹਾ ਕਿ ਜਦ ਉਹਨਾਂ ਨੇ ਸ. ਸਿੱਧੂ ਦੇ ਧਿਆਨ ਵਿਚ ਇਹ ਮੰਗ ਲਿਆਂਦੀ ਸੀ ਤਾਂ ਉਹਨਾਂ ਕਿਸਾਨਾਂ ਦੀ ਪੂਰੀ ਮਦਦ ਕਰਨ ਦਾ ਭਰੋਸਾ ਦਿਤਾ ਸੀ। ਕਿਸਾਨਾਂ ਨੇ ਕਿਹਾ ਕਿ ਹੁਣ ਗਮਾਡਾ ਦਾ ਨੋਟੀਫ਼ੀਕੇਸ਼ਨ ਜਾਰੀ ਹੋਣ ਨਾਲ ਹਲਕੇ ਦੇ ਕਿਸਾਨ ਬਾਗ਼ੋ-ਬਾਗ਼ ਹਨ ਅਤੇ ਉਹ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਉਚੇਚੇ ਤੌਰ 'ਤੇ ਸ. ਸਿੱਧੂ ਦਾ ਧਨਵਾਦ ਕਰਨ ਲਈ ਆਏ ਹਨ। ਇਸ ਮੌਕੇ ਅਪਣੇ ਸੰਬੋਧਨ ਵਿਚ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਮਾਡਾ ਦੇ ਫ਼ੈਸਲੇ ਨਾਲ ਲੈਂਡ ਪੂਲਿੰਗ ਦੀ ਸਹੂਲਤ ਲੈਣ ਵਾਲੇ ਹਲਕੇ ਦੇ ਸੈਂਕੜੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਆਉਣ 'ਤੇ ਇਹਨਾਂ ਦਰਾਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਜ਼ਿਮੀਂਦਾਰਾਂ ਨਾਲ ਕੀਤਾ ਵਾਅਦਾ ਪੂਰਾ ਕਰ ਕੇ ਕਿਸਾਨਾਂ ਨੂੰ ਕੀਮਤੀ ਤੋਹਫ਼ਾ ਦਿਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫ਼ੈਸਲੇ ਨਾਲ ਨਵੀਆਂ ਜ਼ਮੀਨਾਂ ਐਕਵਾਇਰ ਹੋਣ ਸਮੇਂ ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਵੀ ਭਾਰੀ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦਾ ਚੌਤਰਫ਼ਾ ਵਿਕਾਸ ਕਰਨ ਲਈ ਵਚਨਬੱਧ ਅਤੇ ਕਿਸਾਨਾਂ ਦੀ ਭਲਾਈ ਤੇ ਪਿੰਡਾਂ ਦੀ ਤਰੱਕੀ ਵਲ ਵਿਸ਼ੇਸ਼ ਤਵੱਜੋ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਦੇ ਵਾਸੀਆਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਹੋ ਰਹੇ ਹਨ ਤੇ ਹਲਕੇ ਵਿਚ ਵਿਕਾਸ ਦੇ ਕੰਮ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬੂਟਾ ਸਿੰਘ ਸੋਹਾਣਾ, ਤਾਰਾ ਸਿੰਘ, ਜਸਵਿੰਦਰ ਸਿੰਘ ਗਿੱਲ ਲਖਨੌਰ, ਰਣਧੀਰ ਸਿੰਘ, ਸੁਰਜੀਤ ਸਿੰਘ ਮਾਣਕ ਮਾਜਰਾ, ਬਲਕਾਰ ਸਿੰਘ, ਗੁਰਦੀਪ ਸਿੰਘ ਗਾਗਾ, ਹਰਜੀਤ ਸਿੰਘ ਸੋਹਾਣਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਗੁਰਮੁਖ ਸਿੰਘ ਸਰਪੰਚ ਨਿਊਂ ਲਾਂਡਰਾਂ ਅਤੇ ਵੱਡੀ ਗਿਣਤੀ ਕਿਸਾਨ ਹਾਜਰ ਸਨ।