ਡੀਜੀਪੀ ਦੇ ਨਿਰਦੇਸ਼ਾਂ 'ਤੇ ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਤੋਂ ਹੋਈ ਸ਼ੁਰੂ
ਪੁਲਿਸ ਦੇ 17 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ - ਡੀਜੀਪੀ ਪੰਜਾਬ
ਡੀਜੀਪੀ ਦੇ ਨਿਰਦੇਸ਼ਾਂ 'ਤੇ ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਤੋਂ ਹੋਈ ਸ਼ੁਰੂ
ਚੰਡੀਗੜ੍ਹ, 13 ਜੂਨ 2020 - ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਇੱਕ ਵਿਸ਼ੇਸ਼ ਆਰਟੀ-ਪੀਸੀਆਰ ਕੋਵਿਡ ਟੈਸਟਿੰਗ ਮੁਹਿੰਮ ਦੇ ਇੱਕ ਹਿੱਸੇ ਵਜੋਂ, ਪੁਲਿਸ ਥਾਣਿਆਂ ਅਤੇ ਮੋਹਰਲੀ ਕਤਾਰ 'ਤੇ ਤਾਇਨਾਤ 7165 ਪੁਲਿਸ ਕਰਮਚਾਰੀਆਂ ਵਿੱਚੋਂ 17 ਕਰਮਚਾਰੀਆਂ ਦੇ ਟੈਸਟ ਪਾਜ਼ੀਟਿਵ ਪਾਏ ਗਏ। ਸੂਬਾ ਪੱਧਰੀ ਕਰਫਿਊ/ਤਾਲਾਬੰਦੀ ਦੌਰਾਨ ਪਿਛਲੇ 3 ਮਹੀਨਿਆਂ ਤੋਂ ਲਗਭਗ 48000 ਪੰਜਾਬ ਪੁਲਿਸ ਮੁਲਾਜ਼ਮ 24/7 ਮੋਹਰਲੀ ਕਤਾਰ 'ਤੇ ਕੰਮ ਕਰ ਰਹੇ ਹਨ।
ਗੁਪਤਾ ਨੇ ਕਿਹਾ ਕਿ ਸੂਬੇ ਦੇ ਔਸਤਨ 2% ਪਾਜ਼ੀਟਿਵ ਮਾਮਲਿਆਂ ਦੀ ਤੁਲਨਾ ਵਿੱਚ ਪੁਲਿਸ ਫੋਰਸ ਦੇ ਕੁੱਲ ਨਮੂਨਿਆਂ ਦੇ ਲਗਭਗ 0.9% ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਅੱਗੇ ਦੱਸਿਆ ਕਿ ਸੂਬੇ ਦੀ ਆਮ ਜਨਸੰਖਿਆ ਦੀ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਨਾਗਰਿਕਾਂ ਦਾ ਟੈਸਟ ਆਮ ਤੌਰ 'ਤੇ ਲੱਛਣ ਵਾਲੇ ਵਿਅਕਤੀਆਂ ਜਾਂ ਉਨ੍ਹਾਂ ਦੇ ਮੁੱਢਲੇ ਜਾਂ ਹੋਰ ਸੰਪਰਕਾਂ ਕਾਰਨ ਕੀਤਾ ਜਾਂਦਾ ਹੈ, ਇਸ ਦੇ ਉਲਟ, ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਨਮੂਨੇ ਬੇਤਰਤੀਬੇ ਢੰਗ ਨਾਲ ਲਏ ਗਏ।
ਡੀਜੀਪੀ ਨੇ ਦੱਸਿਆ ਕਿ 17 ਪਾਜ਼ੀਟਿਵ ਮਾਮਲਿਆਂ ਵਿੱਚੋਂ 14 ਜ਼ਿਲ੍ਹਾ ਪੁਲਿਸ ਨਾਲ ਸਬੰਧਤ ਹਨ, 2 (ਇੱਕ ਰਸੋਈਏ ਸਮੇਤ) ਸਟੇਟ ਆਰਮਡ ਪੁਲਿਸ/ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਅਤੇ ਇੱਕ ਪੰਜਾਬ ਹੋਮ ਗਾਰਡਜ਼ (ਪੀਐਚਜੀ) ਦੇ ਹਨ। ਉਹਨਾਂ ਅੱਗੇ ਕਿਹਾ ਕਿ ਸੰਗਰੂਰ ਵਿੱਚ ਸਭ ਤੋਂ ਵੱਧ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।
ਗੁਪਤਾ ਨੇ ਕਿਹਾ ਕਿ 12 ਜੂਨ ਤੱਕ ਇਕੱਠੇ ਕੀਤੇ 7165 ਨਮੂਨਿਆਂ ਵਿਚੋਂ 1868 ਟੈਸਟ ਨੈਗੇਟਿਵ ਪਾਏ ਗਏ, ਜਦੋਂ ਕਿ 5280 ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਰੋਜ਼ਾਨਾ ਦੇ ਅਧਾਰ ’ਤੇ ਥਾਣਿਆਂ ਅਤੇ ਹੋਰ ਜੋਖ਼ਮ ਵਾਲੇ ਖੇਤਰਾਂ ਵਿੱਚ ਸਿਹਤ ਵਿਭਾਗ ਕੋਲ ਉਪਲਬਧ ਟੈਸਟਿੰਗ ਸਮਰੱਥਾ ਦੇ ਅਧਾਰ ’ਤੇ ਤਾਇਨਾਤ ਵੱਧ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਅੱਗੇ ਇਹ ਵੀ ਦੱਸਿਆ ਕਿ ਸਾਰੇ 17 ਪਜ਼ੀਟਿਵ ਪੁਲਿਸ ਕਰਮਚਾਰੀ ਸਿਵਲ ਹਸਪਤਾਲਾਂ ਵਿੱਚ ਜਾਂ ਪੰਜਾਬ ਸਿਹਤ ਵਿਭਾਗ ਵੱਲੋਂ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ।
ਡੀਜੀਪੀ ਨੇ ਇਕ ਵੀਡੀਓ ਕਾਨਫਰੰਸ ਰਾਹੀਂ, ਸਾਰੇ ਐਸਐਸਪੀਜ਼/ਸੀਪੀਜ਼ ਅਤੇ ਆਈਜੀਜ਼ ਰੇਂਜ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਾਰੇ ਪੁਲਿਸ ਕਰਮਚਾਰੀਆਂ ਦਾ ਆਰਟੀ-ਪੀਸੀਆਰ ਟੈਸਟ ਕਰਵਾਉਣ, ਜੋ ਕਿ ਸੂਬੇ ਦੇ 27 ਰੈਵਿਨਿਊ/ਪੁਲਿਸ ਜ਼ਿਲ੍ਹਿਆਂ ਦੇ 400 ਤੋਂ ਵੱਧ ਥਾਣਿਆਂ ਵਿਚ ਮੋਹਰਲੀ ਕਤਾਰ 'ਤੇ ਤਾਇਨਾਤ ਹਨ। ਡੀਜੀਪੀ ਪੰਜਾਬ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਟੇਟ ਆਰਮਡ ਪੁਲਿਸ ਦੇ ਵਿਸ਼ੇਸ਼ ਡੀਜੀਪੀ ਨੂੰ ਹਦਾਇਤ ਕੀਤੀ ਕਿ ਉਹ ਪੁਲਿਸ ਵਾਹਨਾਂ ਦੇ ਡਰਾਈਵਰਾਂ, ਜੇਲ੍ਹਾਂ ਦੀਆਂ ਵੈਨਾਂ ਆਦਿ ਸਮੇਤ ਪੰਜਾਬ ਪੁਲਿਸ ਦੇ ਨਮੂਨੇ ਲੈਣ। ਉਹਨਾਂ ਦੱਸਿਆ ਕਿ ਉਹ ਜਨਤਕ ਅਤੇ ਮੋਹਰਲੀ ਕਤਾਰ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਿਚ ਲਾਗ ਦੇ ਵਾਧੇ ਦੀ ਸੰਭਾਵਨਾ ਬਾਰੇ ਚਿੰਤਤ ਸਨ।
ਸਿਹਤ ਵਿਭਾਗ ਕੋਲ ਨਮੂਨੇ ਲੈਣ ਵਾਲੀਆਂ ਸਿਖਲਾਈ ਟੀਮਾਂ ਦੀ ਘਾਟ ਸੀ, ਇਸ ਲਈ ਰਾਜ ਦੇ ਸਿਹਤ ਵਿਭਾਗ ਵੱਲੋਂ ਨਮੂਨੇ ਲੈਣ ਲਈ ਪੁਲਿਸ ਨਾਲ ਜੁੜੇ ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਤੁਰੰਤ ਸਿਖਲਾਈ ਪ੍ਰੋਗਰਾਮ ਰਾਹੀਂ ਰੱਖਿਆ ਗਿਆ।
ਡੀਜੀਪੀ ਨੇ ਕਿਹਾ ਕਿ ਇਸ ਨਾਲ ਵਿਭਾਗ ਨੂੰ ਪੁਲਿਸ ਫੋਰਸ ਵਿਚ ਪਈ ਮੁਸ਼ਕਲ ਦਾ ਹੱਲ ਕਰਨ ਅਤੇ ਵਿਭਾਗ ਨੂੰ ਪੁਲਿਸ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਧੀਆ ਡਾਕਟਰੀ ਇਲਾਜ ਯਕੀਨੀ ਬਣਾਉਣ ਵਿਚ ਵੀ ਸਹਾਇਤਾ ਕਰੇਗੀ। ਇਹ ਪੰਜਾਬ ਪੁਲਿਸ ਨੂੰ ਭਵਿੱਖ ਵਿਚ ਕਿਸੇ ਵੀ ਸੰਕਟਮਈ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੇ ਪ੍ਰਬੰਧਕਾਂ ਦੀ ਜਾਂਚ ਅਤੇ ਡਾਕਟਰੀ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਉਚਿਤ ਸਮਰੱਥਾ ਬਣਾਉਣ ਵਿਚ ਸਹਾਇਤਾ ਕਰੇਗਾ।
ਇਸ ਦੌਰਾਨ, ਡੀਜੀਪੀ ਨੇ ਕਿਹਾ ਕਿ ਸਹਿ-ਰੋਗਾਂ ਵਾਲਾ ਇੱਕ ਕੋਵਿਡ ਪਾਜ਼ੇਟਿਵ ਏਐਸਆਈ, ਅੰਮ੍ਰਿਤਸਰ ਵਿੱਚ ਗੰਭੀਰ ਹਾਲਤ ’ਚ ਦੱਸਿਆ ਗਿਆ ਹੈ। ਹਾਲਾਂਕਿ, ਉਹ ਵਿਭਾਗ ਦੁਆਰਾ ਚਲਾਏ ਗਏ ਅਭਿਆਸ ਦਾ ਹਿੱਸਾ ਨਹੀਂ ਸੀ, ਪਰ ਡਾ. ਕੇ. ਕੇ. ਤਲਵਾੜ, ਸਾਬਕਾ ਡਾਇਰੈਕਟਰ, ਪੀਜੀਐਮਆਈਆਰ, ਚੰਡੀਗੜ੍ਹ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਮਾਹਰ ਗਰੁੱਪਾਂ ਦੁਆਰਾ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।