ਜਨਵਰੀ 2019 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਸਰਕਾਰੀ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਵਿਖੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਲਈ ਤੇਜ਼ੀ ਲਿਆਂਦੀ ਜਾਵੇ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਸ ਪ੍ਤਿਸ਼ਠ ਕੇਂਦਰੀ ਸੰਸਥਾਨ ਦੀ ਸਥਾਪਨਾ ਇੰਡੀਅਨ ਕੌਂਸਲ ਆਫ ਐਗਰੀਕਲਚਰ ਰੀਸਰਚ(ਕੇਂਦਰੀ ਖੇਤੀਬਾੜੀ ਖੋਜ ਸੰਸਥਾਨ ::ਆਈ. ਸੀ. ਏ .ਆਰ.) ਦੁਆਰਾ ਕੀਤੀ ਜਾਣੀ ਹੈ। ਕੇਂਦਰੀ ਖੇਤੀਬਾੜੀ ਖੋਜ ਸੰਸਥਾਨ ਦੀ ਸਾਈਟ ਸਿਲੈਕਸ਼ਨ ਕਮੇਟੀ (ਜ਼ਮੀਨ ਚੋਣ ਕਮੇਟੀ) ਨੇ ਅੰਮ੍ਰਿਤਸਰ-ਅਟਾਰੀ ਸੜਕ ਸਥਿਤ ਪਿੰਡ ਛਿੱਡਣ ਵਿਖੇ ਜ਼ਮੀਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਥਾਨ ਵਿਖੇ ਬਾਗ਼ਬਾਨੀ ਸੰਸਥਾਨ ਦੇ ਪ੍ਰਬੰਧਕੀ , ਅਕਾਦਮਿਕ ਅਤੇ ਰਿਹਾਇਸ਼ੀ ਬਲਾਕਾਂ ਦੇ ਨਾਲ ਵਿਦਿਆਰਥੀ ਹੋਸਟਲ ਵੀ ਉਸਾਰੇ ਜਾਣੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਜੋ ਪਿਛਲੇ ਸਾਲ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੂੰ ਸਰਕਾਰੀ ਪੱਤਰ ਲਿਖ ਕੇ ਸੰਸਥਾਨ ਦੀ ਜਲਦੀ ਸਥਾਪਨਾ ਲਈ ਪੱਤਰ ਲਿਖਦੇ ਸਨ, ਇਸ ਵਕਤ ਜ਼ਮੀਨ ਖਰੀਦ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਬੇਧਿਆਨੀ ਦਿਖਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀ ਦਿਲਚਸਪੀ ਦੀ ਘਾਟ ਕਾਰਨ ਹੀ 2015 ਵਿਚ ਕੇਂਦਰੀ ਸਰਕਾਰ ਦੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਜੀ ਵੱਲੋਂ ਅੰਮ੍ਰਿਤਸਰ ਵਿਖੇ ਕਿਸਾਨ ਜਗਤ ਦੀ ਆਰਥਿਕ ਤਕਦੀਰ ਨੂੰ ਉੱਜਲ ਕਰਨ ਲਈ ਪ੍ਰਵਾਨ ਕੀਤੇ ਇਸ ਇੰਸਟੀਚਿਊਟ ਲਈ ਲੋੜੀਂਦੀ ਜ਼ਮੀਨ ਦੀ ਖਰੀਦ ਪ੍ਰਕ੍ਰਿਆ ਹੀ ਪੂਰੀ ਨਹੀਂ ਹੋਈ।
ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਅਟਾਰੀ ਵਿਖੇ ਸੌ ਏਕੜ ਜ਼ਮੀਨ ਆਈ. ਸੀ. ਏ .ਆਰ.ਦੇ ਨਾਂ ਤਬਦੀਲ ਕਰ ਦਿੱਤੀ ਸੀ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਕੇਂਦਰੀ ਸਰਕਾਰ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਇਸ ਬਾਗ਼ਬਾਨੀ ਇੰਸਟੀਚਿਊਟ ਲਈ ਪੰਝੀ-ਤੀਹ ਏਕੜ ਜ਼ਮੀਨ ਦੀ ਖਰੀਦ ਪ੍ਰਕ੍ਰਿਆ ਪੂਰੀ ਕਰਨ ਵਿੱਚ ਸਫਲ ਨਹੀਂ ਹੋਈ।
ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ, ਅੰਮ੍ਰਿਤਸਰ ਦੀ ਸਥਾਪਨਾ ਉਪਰੰਤ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਤੇ ਪੰਜਾਬ ਅਤੇ ਗਵਾਂਢੀ ਰਾਜਾਂ ਦੇ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਵਰਨਣਯੋਗ ਤਰੱਕੀ ਖੇਤੀਬਾੜੀ ਅਤੇ ਬਾਗ਼ਬਾਨੀ ਮਾਹਿਰਾਂ ਵੱਲੋਂ ਆਂਕੀ ਜਾ ਰਹੀ ਹੈ। ਇੰਸਟੀਚਿਊਟ ਦੇ ਵਿਗਿਆਨੀਆਂ ਅਤੇ ਖੋਜ-ਵਿਦਿਆਰਥੀਆਂ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਨਵੇਂ ਬੀਜ, ਖੇਤੀਬਾੜੀ ਸਾਜੋ-ਸਮਾਨ, ਮਸ਼ੀਨਰੀਆਂ ਆਦਿ ਸਦਕਾ ਖੇਤੀਬਾੜੀ ਅਤੇ ਬਾਗ਼ਬਾਨੀ ਵਿਚ ਹਾਂ-ਪੱਖੀ ਕਾ੍ਂਤੀ ਦੀ ਸੰਭਾਵਨਾ ਉਲੀਕੀ ਜਾ ਰਹੀ ਹੈ। ਇਸ ਦੇ ਨਾਲ ਹੀ ਭੂ-ਜਲ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਲਈ ਤੁਪਕਾ ਸਿੰਚਾਈ(ਡਰਿਪ ਇਰੀਗੇਸ਼ਨ ),ਫੁਹਾਰ ਸੰਚਾਈ (ਸਪਰੇਅ ਇਰੀਗੇਸ਼ਨ ,)ਆਦਿ ਆਧੁਨਿਕ ਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਪ੍ਰਧਾਨ ਸ੍ਰ ਮਨਮੋਹਣ ਸਿੰਘ ਬਰਾੜ ਦੀ ਪੰਜਾਬ ਸਰਕਾਰ ਅਤੇ ਖਾਸ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕੋਲ ਜ਼ੋਰਦਾਰ ਮੰਗ ਹੈ ਕਿ ਪਿੰਡ ਛਿੱਡਣ ਵਿਖੇ ਆਈ. ਸੀ. ਏ .ਆਰ .ਦੀ ਸਾਈਟ ਸਿਲੈਕਸ਼ਨ ਕਮੇਟੀ ਵੱਲੋਂ ਚੁਣੀ ਹੋਈ ਜ਼ਮੀਨ ਦੇ ਮਾਲਕ ਨਾਲ ਸੌਦਾ ਨੇਪਰੇ ਚਾੜ੍ਹਨ ਲਈ ਸੰਜੀਦਾ ਅਤੇ ਪ੍ਰਭਾਵਸ਼ਾਲੀ ਯਤਨ ਕੀਤੇ ਜਾਣ, ਤਾਂ ਕਿ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੀ ਸਥਾਪਨਾ ਲਈ ਤੇਜ਼ੀ ਲਿਆਂਦੀ ਜਾ ਸਕੇ।