ਗੜ੍ਹਸ਼ੰਕਰ, 15 ਜੂਨ 2020: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਸਬ ਡਵੀਜ਼ਨ ਚ ਕਰੋਨਾ ਮਹਾਂਮਾਰੀ ਖ਼ਿਲਾਫ਼ ਲੜਾਈ ਚ ਪ੍ਰਸ਼ਾਸਨ ਦੀ ਭੂਮਿਕਾ ਤੇ ਤਸੱਲੀ ਪ੍ਰਗਟਾਈ ਹੈ, ਜਿਸਨੇ ਸਿਹਤ ਵਿਭਾਗ ਤੇ ਪੁਲਿਸ ਨਾਲ ਮਿਲ ਕੇ ਇਸ ਵਾਇਰਸ ਦਾ ਡੱਟ ਕੇ ਮੁਕਾਬਲਾ ਕੀਤਾ। ਤਿਵਾੜੀ ਸਥਾਨਕ ਐਸਡੀਐਮ ਦਫ਼ਤਰ ਚ ਸਿਹਤ, ਪ੍ਰਸ਼ਾਸਨ ਅਤੇ ਪੁਲੀਸ ਦੇ ਅਫ਼ਸਰਾਂ ਨਾਲ ਮੀਟਿੰਗ ਕਰ ਰਹੇ ਸਨ।
ਇਸ ਦੌਰਾਨ ਤਿਵਾੜੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ, ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਫਸਰਾਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਅਦ੍ਰਿਸ਼ ਦੁਸ਼ਮਣ ਖਿਲਾਫ ਲੜਾਈ ਲੜਨਾ ਆਸਾਨ ਨਹੀਂ ਸੀ। ਇਸੇ ਤਰ੍ਹਾਂ, ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਤੇ ਵਲੰਟੀਅਰਾਂ ਦਾ ਵੀ ਉਤਸ਼ਾਹ ਵਧਾਇਆ। ਤਿਵਾੜੀ ਨੇ ਕਿਹਾ ਕਿ ਇਸ ਲੜਾਈ ਚ ਪ੍ਰਸ਼ਾਸਨ ਦੇ ਸਹਿਯੋਗ ਵਾਸਤੇ ਉਹ ਹਰ ਵਕਤ ਮੌਜੂਦ ਰਹਿਣਗੇ।
ਉੱਥੇ ਹੀ, ਤਿਵਾੜੀ ਨੇ ਪ੍ਰਸ਼ਾਸਨ ਨੂੰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਕੀਤੇ 10 ਲੱਖ ਰੁਪਏ ਦੇ ਫੰਡ ਨੂੰ ਇਲਾਕੇ ਦੇ ਸਿਵਲ ਹਸਪਤਾਲ ਚ ਇਸਤੇਮਾਲ ਵਾਸਤੇ ਕਮੇਟੀ ਦਾ ਜਲਦੀ ਗਠਨ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲ ਸਕੇ। ਇਸ ਮੌਕੇ ਉਨ੍ਹਾਂ ਮਿਸ਼ਨ ਫ਼ਤਿਹ ਤਹਿਤ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ।
ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਸਾਬਕਾ ਐਮਐਲਏ ਲਵ ਕੁਮਾਰ ਗੋਲਡੀ, ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਐਸਡੀਐਮ ਹਰਬੰਸ ਸਿੰਘ, ਤਹਿਸੀਲਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਧਰਮਿੰਦਰ ਸਿੰਘ, ਐੱਸਐੱਮਓ ਡਾ ਟੇਕ ਰਾਜ ਭਾਟੀਆ, ਈਓ ਅਵਤਾਰ ਚੰਦ, ਡੀਐਸਪੀ ਸਤੀਸ਼ ਕੁਮਾਰ ਵੀ ਮੌਜੂਦ ਰਹੇ।